ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਮੁਹਿੰਮ ਚਲਾਈ ਅਤੇ ਦੇਸ਼ ’ਚ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਦਿੱਲੀ ਸਰਕਾਰ ਦੇ ਮੰਤਰੀ ਅਤੇ ‘ਆਪ’ ਦੇ ਸੀਨੀਅਰ ਨੇਤਾ ਆਤਿਸ਼ੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ’ਚ ’ਡੀਪੀ (ਡਿਸਪਲੇ ਪਿਕਚਰ)’ ਨਾਮ ਦੀ ਸੋਸ਼ਲ ਮੀਡੀਆ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਇਸ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਨੇਤਾ ਅਤੇ ਵਲੰਟੀਅਰ ‘ਐਕਸ’, ‘ਫੇਸਬੁੱਕ’ ਅਤੇ ’ਵਟਸਐਪ’ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੀਆਂ ਪ੍ਰੋਫਾਈਲ ਤਸਵੀਰਾਂ ਬਦਲਣਗੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਦਿਖਾਉਣਗੇ। ਨਾਲ ਹੀ ਕੈਪਸ਼ਨ ’ਚ ‘ਮੋਦੀ’ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ’ ਲਿਖਿਆ ਹੋਵੇਗਾ।
ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦਾ ਇਕਲੌਤਾ ਸਿਆਸੀ ਨੇਤਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ, ਇਸ ਲਈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਨਾਂ ਕਿਸੇ ਸਬੂਤ ਦੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਕਥਿਤ ਆਬਕਾਰੀ ਨੀਤੀ ਘੁਟਾਲੇ ਦੀ ਦੋ ਸਾਲ ਲੰਬੀ ਜਾਂਚ ਦੇ ਬਾਵਜੂਦ ਈਡੀ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਕੇਜਰੀਵਾਲ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ’ਚ ‘‘ਤਾਨਾਸ਼ਾਹੀ’’ ਵਿਰੁੱਧ ਲੜ ਰਹੀ ਹੈ। ਲੋਕਾਂ ਨੂੰ ਪਾਰਟੀ ਦੀ ਸੋਸ਼ਲ ਮੀਡੀਆ ‘ਡੀਪੀ’ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਸਿਰਫ਼ ਕੇਜਰੀਵਾਲ ਦੀ ਲੜਾਈ ਨਹੀਂ ਹੈ। ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪਿਛਲੇ ਹਫ਼ਤੇ ਵੀਰਵਾਰ ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਉਸ ਨੂੰ 28 ਮਾਰਚ ਤੱਕ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।