ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿੱਚ ਵੀ ਗਠਜੋੜ ਹੁੰਦਾ ਨਜ਼ਰ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਗਠਜੋੜ ਸਿਰਫ ਦਿੱਲੀ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਦੋਵੇਂ ਪਾਰਟੀਆਂ ਗੁਜਰਾਤ, ਗੋਆ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਇਕੱਠੇ ਚੋਣ ਲੜਨਗੀਆਂ। ਪੰਜਾਬ ਵਿੱਚ ਦੋਵੇਂ ਪਾਰਟੀਆਂ ਆਪਸੀ ਸਹਿਮਤੀ ਨਾਲ ਵੱਖ-ਵੱਖ ਚੋਣਾਂ ਲੜਨਗੀਆਂ।
ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਦਿੱਲੀ ‘ਚ 4/3 ਫਾਰਮੂਲੇ ‘ਤੇ ਚੋਣਾਂ ਲੜੀਆਂ ਜਾਣਗੀਆਂ। ਜੇਕਰ ਆਮ ਆਦਮੀ ਪਾਰਟੀ ਦਿੱਲੀ ਦੀਆਂ ਚਾਰ ਸੀਟਾਂ ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ ਅਤੇ ਉੱਤਰੀ-ਪੱਛਮੀ ਦਿੱਲੀ ‘ਤੇ ਚੋਣ ਲੜੇਗੀ ਤਾਂ ਕਾਂਗਰਸ ਨੂੰ ਪੂਰਬੀ ਦਿੱਲੀ, ਉੱਤਰ-ਪੂਰਬੀ ਅਤੇ ਚਾਂਦਨੀ ਚੌਕ ਸੀਟਾਂ ‘ਤੇ ਚੋਣ ਲੜਨ ਦਾ ਮੌਕਾ ਮਿਲੇਗਾ।
ਸੂਤਰਾਂ ਮੁਤਾਬਕ ‘ਆਪ’ ਨੇ ਸਪੱਸ਼ਟ ਕੀਤਾ ਸੀ ਕਿ ਸਿਰਫ ਦਿੱਲੀ ‘ਚ ਹੀ ਗਠਜੋੜ ਨਹੀਂ ਹੋਵੇਗਾ, ਅਜਿਹਾ ਦੂਜੇ ਰਾਜਾਂ (ਜਿੱਥੇ ‘ਆਪ’ ਦਾ ਵੀ ਪ੍ਰਭਾਵ ਹੈ) ਵਿੱਚ ਕਰਨਾ ਪਵੇਗਾ। ਜਿਸ ਤੋਂ ਬਾਅਦ ਗੁਜਰਾਤ ‘ਚ ਦੋ ਅਤੇ ਹਰਿਆਣਾ ‘ਚ ਇਕ ਸੀਟ ‘ਆਪ’ ਨੂੰ ਦੇਣ ‘ਤੇ ਸਹਿਮਤੀ ਬਣੀ। ‘ਆਪ’ ਗੁਜਰਾਤ ਦੀਆਂ ਭਰੂਚ ਅਤੇ ਭਾਵਨਗਰ ਸੀਟਾਂ ‘ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਹਰਿਆਣਾ ਦੀ ਇੱਕ ਸੀਟ ਵੀ ‘ਆਪ’ ਦੇ ਹਿੱਸੇ ਆਵੇਗੀ।
ਸੂਤਰਾਂ ਮੁਤਾਬਕ ਚੰਡੀਗੜ੍ਹ ਸੀਟ ਕਾਂਗਰਸ ਨੂੰ ਦੇਣ ਲਈ ਸਮਝੌਤਾ ਹੋ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ‘ਆਪ’ ਦਾ ਇੱਥੇ ਮੇਅਰ ਬਣ ਗਿਆ ਹੈ ਪਰ ਸਮਝੌਤੇ ਮੁਤਾਬਕ ‘ਆਪ’ ਨੇ ਇੱਥੇ ਕਾਂਗਰਸ ਨੂੰ ਸਮਰਥਨ ਦੇਣ ਦੀ ਹਾਮੀ ਭਰੀ ਹੈ। ‘ਆਪ’ ਨੇ ਵੀ ਦੱਖਣੀ ਗੋਆ ‘ਤੇ ਆਪਣਾ ਦਾਅਵਾ ਛੱਡਣ ਦਾ ਫੈਸਲਾ ਕੀਤਾ ਹੈ। ਹੁਣ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਰਸਮੀ ਐਲਾਨ ਜਲਦੀ ਹੀ ਹੋ ਸਕਦਾ ਹੈ।
ਪੰਜਾਬ ਵਿੱਚ ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜਨਗੀਆਂ। ਇਸ ਸਬੰਧੀ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਸੀ। ਦਰਅਸਲ, ਦੋਵੇਂ ਪਾਰਟੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਪੰਜਾਬ ਵਿੱਚ ‘ਆਪ’ ਸੱਤਾ ਵਿੱਚ ਹੈ ਅਤੇ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ। ਅਜਿਹੇ ‘ਚ ਵੱਖਰੀ ਚੋਣ ਲੜਨਾ ਬਿਹਤਰ ਹੋਵੇਗਾ।