ਕੋਚੀ: ਕੇਰਲ ਪੁਲਿਸ ਨੇ ਕਥਿਤ ਤੌਰ ’ਤੇ ਗੂਗਲ ਮੈਪ ’ਤੇ ਹਦਾਇਤਾਂ ਦਾ ਪਾਲਣ ਕਰਨ ਕਾਰਨ ਨਦੀ ’ਚ ਕਾਰ ਡਿੱਗਣ ਦੀ ਘਟਨਾ ’ਚ ਦੋ ਨੌਜੁਆਨ ਡਾਕਟਰਾਂ ਦੀ ਮੌਤ ਤੋਂ ਬਾਅਦ ਮਾਨਸੂਨ ਦੌਰਾਨ ਸਬੰਧਤ ਤਕਨਾਲੋਜੀ ਦੇ ਪ੍ਰਯੋਗ ਨੂੰ ਲੈ ਕੇ ਚੌਕਸੀ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਤ੍ਰਿਸੂਰ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ’ਚ ਕੰਮ ਕਰਨ ਵਾਲੇ ਅਦਵੈਤ (29) ਅਤੇ ਅਜਮਲ (29) ਦੀ ਐਤਵਾਰ ਰਾਤ ਉਸ ਸਮੇਂ ਮੌਤ ਹੋ ਗਈ ਜਦੋਂ ਕਥਿਤ ਤੌਰ ’ਤੇ ਗੂਗਲ ਮੈਪਸ ’ਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚਲ ਰਹੀ ਉਨ੍ਹਾਂ ਦੀ ਕਾਰ ਗੋਥਰੂਥ ’ਚ ਪੇਰੀਆਰ ਨਦੀ ਅੰਦਰ ਡਿੱਗ ਗਈ। ਪੁਲੀਸ ਅਨੁਸਾਰ ਸਬੰਧਤ ਡਾਕਟਰਾਂ ਦੇ ਨਾਲ ਸਫ਼ਰ ਕਰ ਰਹੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਹਸਪਤਾਲ ’ਚ ਦਾਖ਼ਲ ਹਨ।
ਪੁਲਿਸ ਨੇ ਕਿਹਾ ਹੈ ਕਿ ਡਰਾਈਵਰ ਜ਼ਾਹਰ ਤੌਰ ’ਤੇ ਗੂਗਲ ਮੈਪਸ ਵਲੋਂ ਦਿਤੀਆਂ ਹਦਾਇਤਾਂ ਤੋਂ ਬਾਅਦ ਇਸ ਇਲਾਕੇ ’ਚ ਪਹੁੰਚਿਆ ਸੀ। ਪੁਲਿਸ ਨੇ ਕਿਹਾ, ‘‘ਭਾਰੀ ਮੀਂਹ ਕਾਰਨ ਉਸ ਸਮੇਂ ਬਹੁਤ ਘੱਟ ਦਿਸ ਰਿਹਾ ਸੀ। ਉਹ ਗੂਗਲ ਮੈਪ ਵਲੋਂ ਵਿਖਾਏ ਗਏ ਰਸਤੇ ’ਤੇ ਚੱਲ ਰਹੇ ਸਨ। ਪਰ ਅਜਿਹਾ ਲਗਦਾ ਹੈ ਕਿ ਬਹੁਤ ਪਾਣੀ ਹੋਣ ਕਾਰਨ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਨਦੀ ਦੇ ਅੰਦਰ ਜਾ ਰਹੇ ਹਨ।’’
ਸੂਬਾ ਪੁਲਿਸ ਨੇ ਐਤਵਾਰ ਨੂੰ ਇਕ ਫੇਸਬੁੱਕ ਪੋਸਟ ’ਚ, ਲੋਕਾਂ ਨੂੰ ਮਾਨਸੂਨ ਦੇ ਮੌਸਮ ’ਚ ਅਣਜਾਣ ਰਸਤਿਆਂ ਤੋਂ ਯਾਤਰਾ ਕਰਨ ਤੋਂ ਬਚਣ ਲਈ ਕਿਹਾ।
ਗੂਗਲ ਮੈਪਸ ਦੀ ਵਰਤੋਂ ਕਰਦੇ ਸਮੇਂ ‘ਕੀ ਕਰੀਏ’ ਅਤੇ ‘ਕੀ ਨਾ ਕਰੀਏ’ ਦੀ ਸੂਚੀ ਜਾਰੀ ਕਰਦੇ ਹੋਏ, ਕੇਰਲ ਪੁਲਿਸ ਨੇ ਕਿਹਾ ਕਿ ਮੌਨਸੂਨ ਦੌਰਾਨ ਰਸਤੇ ਅਕਸਰ ਬਦਲੇ ਜਾਂਦੇ ਹਨ, ਪਰ ਇਹ ਗੂਗਲ ਮੈਪਸ ’ਤੇ ਨਹੀਂ ਪਤਾ ਲਗਦਾ।
ਪੋਸਟ ’ਚ ਕਿਹਾ ਗਿਆ ਹੈ, ‘‘ਗੂਗਲ ਮੈਪਸ ਇਨ੍ਹੀਂ ਦਿਨੀਂ ਗੱਡੀ ਚਲਾਉਣ ਲਈ ਬਹੁਤ ਮਦਦਗਾਰ ਹੈ। ਹਾਲਾਂਕਿ, ਸਿਰਫ ਨਕਸ਼ੇ ਨੂੰ ਵੇਖ ਕੇ ਅਣਜਾਣ ਸੜਕਾਂ ’ਤੇ ਜਾਣਾ, ਖਾਸ ਕਰ ਕੇ ਮਾਨਸੂਨ ਦੌਰਾਨ, ਕਈ ਵਾਰ ਖਤਰਨਾਕ ਹੁੰਦਾ ਹੈ।’’ ਸੂਬਾ ਪੁਲਿਸ ਨੇ ਕਿਹਾ ਕਿ ਨਕਸ਼ੇ ਘੱਟ ਆਵਾਜਾਈ ਵਾਲੇ ਰਸਤੇ ਵਿਖਾ ਸਕਦੇ ਹਨ, ਪਰ ਹੋ ਸਕਦਾ ਹੈ ਕਿ ਅਜਿਹੇ ਰਸਤੇ ਸੁਰੱਖਿਅਤ ਨਾ ਹੋਣ।
ਇਸ ਦੌਰਾਨ ਹਸਪਤਾਲ ਦੇ ਸੂਤਰਾਂ ਨੇ ਦਸਿਆ ਕਿ ਹਾਦਸੇ ’ਚ ਜਾਨ ਗਵਾਉਣ ਵਾਲੇ ਡਾਕਟਰ ਚੰਗੇ ਦੋਸਤ ਸਨ ਅਤੇ ਉੱਚ ਸਿੱਖਿਆ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਸਨ। ਸੂਤਰਾਂ ਨੇ ਦਸਿਆ ਕਿ ਸਮੂਹ ਅਦਵੈਤ ਦਾ ਜਨਮਦਿਨ ਮਨਾ ਕੇ ਕੋਚੀ ਤੋਂ ਵਾਪਸ ਆ ਰਿਹਾ ਸੀ।
ਮਲਪੁਰਮ ਦਾ ਰਹਿਣ ਵਾਲਾ ਇਕ ਵਿਅਕਤੀ ਉਸਾਰੀ ਦੇ ਕੰਮ ਦੇ ਸਿਲਸਿਲੇ ’ਚ ਸਬੰਧਤ ਇਲਾਕੇ ’ਚ ਸੀ। ਉਸ ਨੇ ਅੱਧੀ ਰਾਤ ਨੂੰ ਹਾਦਸਾ ਹੁੰਦਾ ਵੇਖਿਆ। ਉਸ ਨੇ ਅਤੇ ਉਸ ਦੇ ਦੋਸਤਾਂ ਅਤੇ ਇਲਾਕੇ ਦੇ ਹੋਰ ਸਥਾਨਕ ਨਿਵਾਸੀਆਂ ਨੇ ਫਿਰ ਬਚਾਅ ਕਾਰਜਾਂ ’ਚ ਹਿੱਸਾ ਲਿਆ। ਉਸ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ।
ਇਕ ਸਥਾਨਕ ਨਿਵਾਸੀ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੇ ਇਕ ਔਰਤ ਸਮੇਤ ਤਿੰਨ ਯਾਤਰੀਆਂ ਨੂੰ ਬਚਾਇਆ। ਡਾਕਟਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਗੋਤਾਖੋਰਾਂ ਦੀ ਟੀਮ ਦੀ ਮਦਦ ਲਈ ਗਈ।
ਜ਼ਿਕਰਯੋਗ ਹੈ ਕਿ ਸੂਬੇ ’ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ, ਜਿਸ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗਣ, ਪਾਣੀ ਭਰਨ ਅਤੇ ਕੰਧਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਏਰਨਾਕੁਲਮ ਅਤੇ ਕੋਜ਼ੀਕੋਡ ਸਨ।
ਅਥਾਰਟੀ ਨੇ ਐਤਵਾਰ ਨੂੰ ਕਿਹਾ ਕਿ ਅਲਾਪੁਝਾ ਅਤੇ ਕੋਟਾਯਮ ਵਿਚ ਇਕ-ਇਕ ਕੈਂਪ ਲਗਾਇਆ ਗਿਆ ਹੈ। ਪਿਛਲੇ 24 ਘੰਟਿਆਂ ’ਚ ਮੀਂਹ ਨਾਲ ਵਾਪਰੇ ਹਾਦਸਿਆਂ ’ਚ 26 ਲੋਕ ਪ੍ਰਭਾਵਤ ਹੋਏ ਹਨ। ਇਸ ਤੋਂ ਪਹਿਲਾਂ ਅਲਾਪੁਝਾ ਜ਼ਿਲ੍ਹੇ ਦੇ ਕੁੱਟਨਾਡ ਖੇਤਰ ਦੇ ਇੱਕ ਛੋਟੇ ਜਿਹੇ ਪਿੰਡ ਐਡਥੁਆ ਵਿੱਚ ਭਾਰੀ ਮੀਂਹ ਕਾਰਨ ਸੈਂਕੜੇ ਏਕੜ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ।
यह भी पढ़े: ਵਿਰੋਧੀ ਪਾਰਟੀਆਂ ਦਾ ਰਵੱਈਆ ਵਿਕਾਸ ਵਿਰੋਧੀ : ਪ੍ਰਧਾਨ ਮੰਤਰੀ ਮੋਦੀ