ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਹੁਣ ਰੱਦ ਹੋ ਚੁੱਕੀ ਦਿੱਲੀ ਦੀ ਆਬਕਾਰੀ ਨੀਤੀ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿਤੀ।
ਸੰਜੇ ਸਿੰਘ (51) ਨੂੰ ਬੁਧਵਾਰ ਸ਼ਾਮ ਨੂੰ ਕਾਲੇ ਧਨ ਨੂੰ ਚਿੱਟੇ ਧਨ ’ਚ ਬਦਲਣ ਵਿਰੋਧੀ ਏਜੰਸੀ ਨੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਉਹ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ ’ਚ ਗ੍ਰਿਫਤਾਰ ਕੀਤੇ ਜਾਣ ਵਾਲੇ ‘ਆਪ’ ਦੇ ਦੂਜੇ ਵੱਡੇ ਨੇਤਾ ਹਨ।
‘ਆਪ’ ਨੇ ਦੋਸ਼ ਲਾਇਆ ਹੈ ਕਿ ਈ.ਡੀ. ਨੇ ਸੰਜੇ ਸਿੰਘ ਨੂੰ ਇਸ ਲਈ ‘ਨਿਸ਼ਾਨਾ’ ਬਣਾਇਆ ਕਿਉਂਕਿ ਉਸ ਨੇ ਸੰਸਦ ’ਚ ਅਡਾਨੀ ਗਰੁੱਪ ਨਾਲ ਸਬੰਧਤ ਮੁੱਦੇ ਉਠਾਏ ਸਨ।
ਈ.ਡੀ. ਨੇ ਅਪਣੀ ਚਾਰਜਸ਼ੀਟ ’ਚ ਸੰਜੇ ਸਿੰਘ ਦੇ ਨਾਂ ਦਾ ਜ਼ਿਕਰ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਵਿਚੋਲੇ ਦਿਨੇਸ਼ ਅਰੋੜਾ ਨੇ ਕਿਹਾ ਸੀ ਕਿ ਉਹ ਅਪਣੇ ਰੇਸਤਰਾਂ ‘ਅਨਪਲੱਗਡ ਕੋਰਟਯਾਰਡ’ ਵਿਚ ਇਕ ਪਾਰਟੀ ਦੌਰਾਨ ਸੰਜੇ ਸਿੰਘ ਨੂੰ ਮਿਲਿਆ ਸੀ।
ਇਸ ਵਿਚ ਕਿਹਾ ਗਿਆ ਹੈ ਕਿ 2020 ਵਿਚ ਸੰਜੇ ਸਿੰਘ ਨੇ ਰੇਸਤਰਾਂ-ਮਾਲਕਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਾਸਤੇ ਕਥਿਤ ਤੌਰ ’ਤੇ ਫੰਡ ਇਕੱਠਾ ਕਰਨ ਲਈ ਕਹਿਣ ਦੀ ਅਪੀਲ ਕੀਤੀ ਸੀ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ 82 ਲੱਖ ਰੁਪਏ ਦਾ ਚੈੱਕ ਦਿਤਾ ਸੀ।
ਚਾਰਜਸ਼ੀਟ ਮੁਤਾਬਕ ਦਿਨੇਸ਼ ਅਰੋੜਾ ਨੇ ਅਪਣੇ ਬਿਆਨ ’ਚ ਕਿਹਾ ਕਿ ਇਕ ਹੋਰ ਮੁਲਜ਼ਮ ਅਮਿਤ ਅਰੋੜਾ ਅਪਣੀ ਸ਼ਰਾਬ ਦੀ ਦੁਕਾਨ ਨੂੰ ਓਖਲਾ ਤੋਂ ਪੀਤਮਪੁਰਾ ’ਚ ਤਬਦੀਲ ਕਰਨ ’ਚ ਮਦਦ ਚਾਹੁੰਦਾ ਸੀ।
ਇਲਜ਼ਾਮ ਹੈ ਕਿ ਉਹ (ਅਰੋੜਾ) ਸੰਜੇ ਸਿੰਘ ਰਾਹੀਂ ਇਹ ਕੰਮ ਕਰਵਾਉਣ ’ਚ ਕਾਮਯਾਬ ਹੋਏ ਕਿਉਂਕਿ ਸੰਜੇ ਸਿੰਘ ਨੇ ਸਿਸੋਦੀਆ ਨੂੰ ਕਿਹਾ, ਜਿਸ ਤੋਂ ਬਾਅਦ ਆਬਕਾਰੀ ਵਿਭਾਗ ਨੇ ਕੇਸ ਦਾ ਨਿਪਟਾਰਾ ਕਰ ਦਿਤਾ ਸੀ।
ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਦਿਨੇਸ਼ ਅਰੋੜਾ ਨੇ ਇਹ ਵੀ ਕਿਹਾ ਕਿ ਉਹ ਸੰਜੇ ਸਿੰਘ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਇਕ ਵਾਰ ਮਿਲੇ ਸਨ, ਜਦੋਂ ਕਿ ਉਨ੍ਹਾਂ ਨੇ ਸਿਸੋਦੀਆ ਨਾਲ ਪੰਜ-ਛੇ ਵਾਰ ਗੱਲ ਕੀਤੀ ਸੀ।
ਇਸ ਤੋਂ ਪਹਿਲਾਂ ਦਿਨ ’ਚ ਜਦੋਂ ਏਜੰਸੀ ਨੇ ਛਾਪੇਮਾਰੀ ਕੀਤੀ ਤਾਂ ‘ਆਪ’ ਦੀ ਬੁਲਾਰਾ ਰੀਨਾ ਗੁਪਤਾ ਨੇ ਕਿਹਾ, ‘‘ਸੰਜੇ ਸਿੰਘ ਅਡਾਨੀ ਮੁੱਦੇ ’ਤੇ ਸਵਾਲ ਉਠਾਉਂਦੇ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੇ ਘਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀਆਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਸੀ ਅਤੇ ਅੱਜ ਵੀ ਨਹੀਂ ਮਿਲੇਗਾ। ਪਹਿਲਾਂ ਉਨ੍ਹਾਂ ਨੇ ਕੱਲ੍ਹ ਕੁਝ ਪੱਤਰਕਾਰਾਂ ਦੇ ਘਰ ਛਾਪਾ ਮਾਰਿਆ ਅਤੇ ਅੱਜ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ।’’
यह भी पढ़े: ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੇ ਖਰੀਦ ਕਾਰਜਾਂ ਦੀ ਰਸਮੀ ਸ਼ੁਰੂਆਤ
