ਹਨੀਮੂਨ ‘ਤੇ ਪਤਨੀ ਨੂੰ ਕਿਹਾ ‘ਸੈਕੰਡ ਹੈਂਡ’, HC ਨੇ ਠੋਕਿਆ 3 ਕਰੋੜ ਜੁਰਮਾਨਾ

ਹਨੀਮੂਨ ‘ਤੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿਣ ‘ਤੇ ਬੰਬੇ ਹਾਈ ਕੋਰਟ ਨੇ ਪਤੀ (husband called wife second hand) ‘ਤੇ ਭਾਰੀ ਜੁਰਮਾਨਾ ਲਗਾਇਆ ਹੈ।  ਇੱਕ ਇਤਿਹਾਸਕ ਫੈਸਲੇ ਵਿੱਚ ਬੰਬੇ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹੇਠਲੀ ਅਦਾਲਤ ਨੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਇਸ ਵਿੱਚ ਇੱਕ ਆਦਮੀ ਨੂੰ ਉਸਦੀ ਪਤਨੀ ਨੂੰ ਘਰੇਲੂ ਹਿੰਸਾ ਅਤੇ ਭਾਵਨਾਤਮਕ ਪ੍ਰੇਸ਼ਾਨੀ ਲਈ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਗਿਆ ਸੀ। ਇਹ ਕੇਸ, ਜਿਸ ਵਿੱਚ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਤਸ਼ੱਦਦ ਦੇ ਦੋਸ਼ ਸ਼ਾਮਲ ਹਨ, ਘਰੇਲੂ ਹਿੰਸਾ ਦੇ ਗੰਭੀਰ ਨਤੀਜਿਆਂ ਅਤੇ ਪੀੜਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨੀ ਪ੍ਰਣਾਲੀ ਦੇ ਰੁਖ ਨੂੰ ਉਜਾਗਰ ਕਰਦਾ ਹੈ।

ਇੰਡੀਆ ਟੂਡੇ ਨਾਲ ਸਬੰਧਤ ਵਿਦਿਆ ਦੀ ਰਿਪੋਰਟ ਮੁਤਾਬਕ ਦੋਵਾਂ ਨੇ 3 ਜਨਵਰੀ 1994 ਨੂੰ ਮੁੰਬਈ ਵਿੱਚ ਵਿਆਹ ਕੀਤਾ ਸੀ। ਦੋਵੇਂ ਹਨੀਮੂਨ ਲਈ ਨੇਪਾਲ ਗਏ ਸਨ। ਜਿੱਥੇ ਪਤੀ ਪਤਨੀ ਨੂੰ ‘ਸੈਕੰਡ ਹੈਂਡ’ ਕਹਿ ਦਿੱਤਾ। ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ। ਉਨ੍ਹਾਂ ਉੱਥੇ ਇੱਕ ਵਿਆਹ ਸਮਾਗਮ ਵੀ ਕੀਤਾ। ਦੋਸ਼ ਮੁਤਾਬਕ ਕੁਝ ਦਿਨਾਂ ਬਾਅਦ ਪਤੀ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੇ ਇਹ ਵੀ ਦੋਸ਼ ਲਾਇਆ ਕਿ ਪਤੀ ਨੇ ਉਸ ਦੇ ਚਰਿੱਤਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਝੂਠ ਬੋਲਣ ਦਾ ਦੋਸ਼ ਲਾਇਆ।

ਇਸ ਤੋਂ ਬਾਅਦ 2005-2006 ਵਿੱਚ ਉਹ ਮੁੰਬਈ ਵਾਪਸ ਆ ਗਏ। ਦੋਵੇਂ ਇੱਕ ਘਰ ਵਿੱਚ ਇਕੱਠੇ ਰਹਿਣ ਲੱਗੇ। 2008 ਵਿੱਚ ਪੀੜਤਾ ਆਪਣੀ ਮਾਂ ਦੇ ਘਰ ਚਲੀ ਗਈ। ਫਿਰ 2014-2015 ਵਿੱਚ ਪਤੀ ਵਾਪਸ ਅਮਰੀਕਾ ਚਲਾ ਗਿਆ। ਇਸ ਤੋਂ ਬਾਅਦ ਸਾਲ 2017 ‘ਚ ਪਤੀ ਨੇ ਅਮਰੀਕੀ ਅਦਾਲਤ ‘ਚ ਤਲਾਕ ਲਈ ਕੇਸ ਦਾਇਰ ਕੀਤਾ ਸੀ ਅਤੇ ਆਪਣੀ ਪਤਨੀ ਨੂੰ ਸੰਮਨ ਭੇਜਿਆ। ਉਸੇ ਸਾਲ, ਪਤਨੀ ਨੇ ਮੁੰਬਈ ਮੈਜਿਸਟ੍ਰੇਟ ਕੋਰਟ ਵਿੱਚ ਘਰੇਲੂ ਹਿੰਸਾ (ਡੀਵੀ) ਐਕਟ ਦੇ ਤਹਿਤ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ। 2018 ਵਿੱਚ, ਇੱਕ ਅਮਰੀਕੀ ਅਦਾਲਤ ਨੇ ਦੋਵਾਂ ਨੂੰ ਤਲਾਕ ਦੇ ਦਿੱਤਾ ਸੀ।

ਜਨਵਰੀ 2023 ਵਿੱਚ, ਹੇਠਲੀ ਅਦਾਲਤ ਨੇ ਪਤਨੀ ਦੁਆਰਾ ਸਹਿਣ ਕੀਤੀ ਘਰੇਲੂ ਹਿੰਸਾ ਨੂੰ ਮਾਨਤਾ ਦਿੱਤੀ ਅਤੇ ਪਤੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ, ਅਦਾਲਤ ਨੇ ਪਤਨੀ ਨੂੰ ਦਾਦਰ ਵਿਚ ਘੱਟੋ-ਘੱਟ 1,000 ਵਰਗ ਫੁੱਟ ਦੀ ਰਿਹਾਇਸ਼ੀ ਜਗ੍ਹਾ ਜਾਂ 75,000 ਰੁਪਏ ਦੇ ਮਹੀਨਾਵਾਰ ਕਿਰਾਇਆ ਦੇਣ ਦਾ ਪ੍ਰਬੰਧ ਕੀਤਾ ਹੈ। ਪਤੀ ਨੂੰ ਪਤਨੀ ਦੇ ਸਾਰੇ ਗਹਿਣੇ ਵਾਪਸ ਕਰਨ ਅਤੇ 1,50,000 ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ।