ਖੰਨਾ – ਖੰਨਾ ਦੇ ਦੋ ਨੌਜਵਾਨਾਂ ਦੇ ਅਰਮੀਨੀਆ ਵਿਚ ਫਸੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਰ ਵਾਪਸੀ ਲਈ ਨੌਜਵਾਨਾਂ ਵੱਲੋਂ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਗਈ ਹੈ। ਪਰਿਵਾਰ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਕਰ ਕੇ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਮੁਹਾਲੀ ਦੇ ਟਰੈਵਲ ਏਜੰਟ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਪਿੰਡ ਗੱਗੜਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੌਦ ਦੇ ਵਸਨੀਕ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕੀਤੀ। ਜਿਸ ਵਿਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੁਲਗਾਰੀਆ ਜਾਣਾ ਸੀ ਪਰ ਦਸੰਬਰ 2023 ਵਿਚ ਉਹਨਾਂ ਨੂੰ ਟੂਰਿਸਟ ਵੀਜ਼ੇ ‘ਤੇ ਅਰਮੀਨੀਆ ਭੇਜ ਦਿੱਤਾ ਗਿਆ। ਮੁਹਾਲੀ ਦੇ ਟਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਟੂਰਿਸਟ ਵੀਜ਼ੇ ’ਤੇ ਅਰਮੀਨੀਆ ਜਾਣ ਮਗਰੋਂ ਉਹਨਾਂ ਨੂੰ ਉਥੇ ਵਰਕ ਪਰਮਿਟ ਮਿਲ ਜਾਵੇਗਾ।
3 ਮਹੀਨੇ ਬਾਅਦ ਵੀ ਨੌਜਵਾਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਉਹ ਕਮਰੇ ਵਿਚ ਬੰਦ ਰਹਿੰਦੇ ਸਨ। ਭੁੱਖੇ-ਪਿਆਸੇ ਵੀ ਦਿਨ ਕੱਟਣੇ ਪਏ। ਵਤਨ ਵਾਪਸੀ ਲਈ ਵਿਦੇਸ਼ੀ ਧਰਤੀ ‘ਤੇ ਭਾਰੀ ਜੁਰਮਾਨਾ ਭਰਨ ਦੀ ਗੱਲ ਚੱਲ ਰਹੀ ਹੈ। ਪਰਿਵਾਰ ਕੋਲ ਪੈਸੇ ਨਹੀਂ ਹਨ। ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਵੇ।
ਅਜਲੌਦ ਦੀ ਵਸਨੀਕ ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਜਗਜੀਤ ਸਿੰਘ ਜੱਗੀ ਨੂੰ 4.5 ਲੱਖ ਰੁਪਏ ਦੇ ਕੇ ਟਰੈਵਲ ਏਜੰਟ ਕੋਲ ਭੇਜਿਆ ਗਿਆ ਸੀ। ਵਿਦੇਸ਼ ਵਿਚ ਕੰਮ ਲੈਣਾ ਸੀ ਪਰ ਬੇਟੇ ਨੂੰ ਟੂਰਿਸਟ ਵੀਜ਼ਾ ਲਗਵਾ ਕੇ ਭੇਜ ਦਿੱਤਾ ਗਿਆ। ਗੱਗੜਮਾਜਰਾ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿਚ ਕੰਮ ਕਰਦੀ ਹੈ। ਕਰਜ਼ਾ ਲੈ ਕੇ ਪੁੱਤਰ ਮਨਦੀਪ ਸਿੰਘ ਨੂੰ ਭੇਜ ਦਿੱਤਾ। ਟਰੈਵਲ ਏਜੰਟ ਨੇ ਉਨ੍ਹਾਂ ਨਾਲ ਠੱਗੀ ਮਾਰੀ। ਹੁਣ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਡੀਐਸਪੀ (ਹੈੱਡਕੁਆਰਟਰ) ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਜਾਂਚ ਕੀਤੀ ਜਾ ਰਹੀ ਹੈ। ਟ੍ਰੈਵਲ ਏਜੰਟਾਂ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਜਾਵੇਗਾ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।