Lok Sabha Election 2024: ਕਾਂਗਰਸ ਨੇ ਪੰਜਾਬ ਵਿਚ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ। ਇਸ ਵਿਚ 2 ਮਹਿਲਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿਤੀ ਗਈ ਹੈ। ਕਾਂਗਰਸ ਨੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਵੀ ਕੱਟ ਦਿਤੀ ਹੈ।
ਕਾਂਗਰਸ ਨੇ ਪਹਿਲੀ ਸੂਚੀ ਵਿਚ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਜਿਨ੍ਹਾਂ ‘ਚੋਂ 2 ਸਾਬਕਾ ਸੰਸਦ ਮੈਂਬਰ ਹਨ, ਜਦਕਿ 4 ਪਹਿਲੀ ਵਾਰ ਲੋਕ ਸਭਾ ਚੋਣਾਂ ‘ਚ ਮੈਦਾਨ ‘ਚ ਉਤਰੇ ਹਨ। ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਟਿਕਟ ਦਿਤੀ ਗਈ ਹੈ। ਬਾਕੀ 4 ਸੀਟਾਂ ‘ਤੇ ਨਵੇਂ ਚਿਹਰੇ ਮੈਦਾਨ ‘ਚ ਉਤਾਰੇ ਗਏ ਹਨ। ਬਠਿੰਡਾ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਦਿਤੀ ਗਈ ਹੈ। ਇਸ ਦੇ ਨਾਲ ਹੀ ਸੰਗਰੂਰ ਤੋਂ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿਤੀ ਗਈ ਹੈ।
ਇਸ ਤੋਂ ਇਲਾਵਾ ਬਿਹਾਰ ’ਚ ਅਜੈ ਨਿਸ਼ਾਦ ਨੂੰ ਮੁਜ਼ੱਫਰਪੁਰ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਨਿਸ਼ਾਦ ਕੁੱਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਸੂਬਾ ਕਾਂਗਰਸ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਦੇ ਬੇਟੇ ਆਕਾਸ਼ ਪ੍ਰਸਾਦ ਸਿੰਘ ਨੂੰ ਬਿਹਾਰ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਟਿਕਟ ਦਿਤੀ ਗਈ ਹੈ। ਪਾਰਟੀ ਨੇ ਪਛਮੀ ਚੰਪਾਰਨ ਤੋਂ ਮਦਨ ਮੋਹਨ ਤਿਵਾੜੀ, ਸਮਸਤੀਪੁਰ ਤੋਂ ਸੰਨੀ ਹਜ਼ਾਰੀ ਅਤੇ ਸਾਸਾਰਾਮ ਤੋਂ ਮਨੋਜ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ।
ਕਾਂਗਰਸ ਬਿਹਾਰ ’ਚ ਮਹਾਗਠਜੋੜ ਦੇ ਤਹਿਤ ਬਿਹਾਰ ਦੀਆਂ ਕੁਲ ਨੌਂ ਸੀਟਾਂ ’ਤੇ ਚੋਣ ਲੜ ਰਹੀ ਹੈ। ਪਾਰਟੀ ਨੇ ਅਜੇ ਪਟਨਾ ਸਾਹਿਬ ਲੋਕ ਸਭਾ ਹਲਕੇ ਤੋਂ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਾਂਗਰਸ ਨੇ ਹੁਣ ਤਕ ਲੋਕ ਸਭਾ ਚੋਣਾਂ ਲਈ ਕੁਲ 301 ਉਮੀਦਵਾਰਾਂ ਦਾ ਐਲਾਨ ਕੀਤਾ ਹੈ।