ਯਮਨ ਦੇ ਹੂਤੀ ਵਿਦਰੋਹੀਆਂ ਵਲੋਂ ਦਾਗੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਨਾਲ ਸ਼ੁਕਰਵਾਰ ਨੂੰ ਲਾਲ ਸਾਗਰ ਤੋਂ ਲੰਘ ਰਹੇ ਪਨਾਮਾ ਝੰਡੇ ਵਾਲੇ ਤੇਲ ਟੈਂਕਰ ਨੂੰ ਮਾਮੂਲੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਰੂਸ ਤੋਂ ਭਾਰਤ ਜਾ ਰਿਹਾ ਸੀ।
ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਕਿਹਾ ਕਿ ਅਤਿਵਾਦੀਆਂ ਨੇ ਹਮਲੇ ’ਚ ਤਿੰਨ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ’ਚੋਂ ਇਕ ਨੇ ਪਨਾਮਾ ਦੇ ਝੰਡੇ ਵਾਲੇ ਸੇਸ਼ੇਲਜ਼ ਦੇ ਰਜਿਸਟਰਡ ‘ਐਂਡਰੋਮੇਡਾ ਸਟਾਰ’ ਨੂੰ ਨੁਕਸਾਨ ਪਹੁੰਚਾਇਆ। ਨਿੱਜੀ ਸੁਰੱਖਿਆ ਕੰਪਨੀ ਅੰਬਰੇ ਨੇ ਟੈਂਕਰ ਨੂੰ ਰੂਸ ਨਾਲ ਜੁੜੇ ਕਾਰੋਬਾਰ ਵਿਚ ਸ਼ਾਮਲ ਦਸਿਆ। ਇਹ ਜਹਾਜ਼ ਰੂਸ ਦੇ ਪ੍ਰੀਮੋਰਸਕ ਤੋਂ ਭਾਰਤ ਦੇ ਵਾਡੀਨਾਰ ਜਾ ਰਿਹਾ ਸੀ।
ਹੂਤੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹੀਆ ਸਾਰੀ ਨੇ ਬਾਅਦ ’ਚ ਸਨਿਚਰਵਾਰ ਤੜਕੇ ਵਿਦਰੋਹੀਆਂ ਵਲੋਂ ਜਾਰੀ ਬਿਆਨ ’ਚ ਹਮਲੇ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਕਿਹਾ ਕਿ ਟੈਂਕਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ਨੇ ਕਿਹਾ ਕਿ ਹਮਲੇ ਦੇ ਸਮੇਂ ਲਾਇਬੇਰੀਆ ਵਲੋਂ ਸੰਚਾਲਿਤ ਐਂਟੀਕਾ-ਬਾਰਬਾਡੋਸ ਝੰਡੇ ਵਾਲਾ ਇਕ ਹੋਰ ਜਹਾਜ਼ ਮਾਈਸ਼ਾ ਵੀ ਨੇੜੇ ਹੀ ਸੀ।