ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਨਰਲ ਐਡਵੋਕੇਟ ਨੇ ਸੁਰੱਖਿਆ ਵਿਚ ਹੋਈ ਕਟੌਤੀ ਕਰ ਕੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਸੁਪਰੀਮ ਕੋਰਟ ਵਿਚ ਕਬੂਲ ਕੀਤੀ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਨੇ ਵਕੀਲ ਦੇ ਕਬੂਲਨਾਮੇ ‘ਤੇ ਬਿਆਨ ਵੀ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੂੰ ਥੋੜਾ ਸਕੂਨ ਮਿਲਿਆ ਹੈ ਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ ਕਿ ਸੁਰੱਖਿਆ ਘਟਣ ਕਰ ਕੇ ਹੀ ਕਤਲ ਹੋਇਆ ਹੈ। ਅਜਿਹੇ ‘ਚ ਐੱਫ.ਆਈ.ਆਰ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਬਲਕੌਰ ਸਿੰਘ ਨੇ ਕਿਹਾ ਕਿ ਆਖਰ ਸੱਚ ਜ਼ੁਬਾਨ ‘ਤੇ ਆ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਅੱਜ ਸੁਪਰੀਮ ਕੋਰਟ ‘ਚ ਦਿੱਤੇ ਹਲਫ਼ਨਾਮੇ ‘ਚ ਇਹ ਸਪੱਸ਼ਟ ਹੋ ਗਿਆ ਹੈ ਕਿ ਸੁਰੱਖਿਆ ਘੱਟ ਹੋਣ ਕਰ ਕੇ ਹੀ ਕਤਲ ਹੋਇਆ ਹੈ ਪਰ ਸੁਰੱਖਿਆ ਵੀ ਇਹਨਾਂ ਦੇ ਹੁਕਮਾਂ ‘ਤੇ ਹੀ ਘੱਟ ਕੀਤੀ ਗਈ ਸੀ।
ਪਿਤਾ ਨੇ ਕਿਹਾ ਕਿ ਉਸ ਸਮੇਂ ਗ੍ਰਹਿ ਮੰਤਰੀ ਕੌਣ ਸੀ? ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੁੱਖ ਮੰਤਰੀ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ, ਉਹ 1980 ਦੇ ਹਾਲਾਤਾਂ ਵਾਂਗ ਹੈ। ਪੰਜਾਬ ਵਿਚ ਖਾੜਕੂਵਾਦ ਅਤੇ ਗਵਰਨਰ ਸ਼ਾਸਨ ਸੀ ਇਹ ਉਸ ਸਮੇਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਚ ਰੱਤੀ ਭਰ ਵੀ ਇਨਸਾਨੀਅਤ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।