ਲਾਲ ਸਾਗਰ ’ਚ ਇਕ ਅਮਰੀਕੀ ਜੰਗੀ ਬੇੜੇ ਅਤੇ ਕਈ ਕਾਰੋਬਾਰੀ ਜਹਾਜ਼ਾਂ ’ਤੇ ਹਮਲਾ : ਪੈਂਟਾਗਨ

ਅਮਰੀਕੀ ਰਖਿਆ ਵਿਭਾਗ ਪੈਂਟਾਗਨ ਨੇ ਕਿਹਾ ਹੈ ਕਿ ਲਾਲ ਸਾਗਰ ’ਚ ਐਤਵਾਰ ਨੂੰ ਇਕ ਅਮਰੀਕੀ ਜੰਗੀ ਜਹਾਜ਼ ਅਤੇ ਕਈ ਕਾਰੋਬਾਰੀ ਜਹਾਜ਼ਾਂ ’ਤੇ ਹਮਲਾ ਹੋਇਆ, ਜਿਸ ਨਾਲ ਇਜ਼ਰਾਈਲ-ਹਮਾਸ ਯੁੱਧ ਨਾਲ ਜੁੜੇ ਮੱਧ ਪੂਰਬ ‘ਚ ਸਮੁੰਦਰੀ ਹਮਲਿਆਂ ਦੀ ਲੜੀ ’ਚ ਵੱਡਾ ਵਾਧਾ ਹੋ ਸਕਦਾ ਹੈ।

ਪੈਂਟਾਗਨ ਨੇ ਇਕ ਬਿਆਨ ’ਚ ਕਿਹਾ, ‘‘ਅਸੀਂ ਲਾਲ ਸਾਗਰ ਵਿਚ ਅਮਰੀਕੀ ਫ਼ੌਜ ਦੇ ਕਾਰਨੀ ਅਤੇ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ ਅਤੇ ਉਪਲਬਧ ਹੋਣ ’ਤੇ ਜਾਣਕਾਰੀ ਪ੍ਰਦਾਨ ਕਰਾਂਗੇ।’’ ਕਾਰਨੀ ਇਕ ਆਰਲੇ ਬਰਕ-ਕਲਾਸ ਜੰਗੀ ਬੇੜਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਫੌਜ ਨੇ ਪਹਿਲਾਂ ਕਿਹਾ ਸੀ ਕਿ ਲਾਲ ਸਾਗਰ ਵਿਚ ਉਸ ਦੇ ਕਾਰੋਬਾਰੀ ਜਹਾਜ਼ਾਂ ’ਤੇ ਸ਼ੱਕੀ ਡਰੋਨ ਹਮਲਾ ਅਤੇ ਧਮਾਕੇ ਹੋਏ ਹਨ।

ਪੈਂਟਾਗਨ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਨੇ ਕੀਤਾ। ਹਾਲਾਂਕਿ, ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਅਧਿਕਾਰਤ ਬਿਆਨ ਵਿਚ ਈਰਾਨ ਸਮਰਥਿਤ ਹੂਤੀ ਵਿਦਰੋਹੀ ਅੰਦੋਲਨ ਨੇ ਲਾਲ ਸਾਗਰ ਵਿਚ ਯਮਨ ਦੇ ਤੱਟ ਤੋਂ ਵਪਾਰਕ ਜਹਾਜ਼ਾਂ ‘ਯੂਨਿਟੀ ਐਕਸਪਲੋਰਰ’ ਅਤੇ ‘ਨੰਬਰ ਨਾਇਨ’ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਕਿਹਾ, ‘‘ਦੋਵਾਂ ਜਹਾਜ਼ਾਂ ਨੇ ਯਮਨ ਦੀ ਜਲ ਸੈਨਾ ਦੇ ਚਿਤਾਵਨੀ ਸੰਦੇਸ਼ਾਂ ਨੂੰ ਰੱਦ ਕਰ ਦਿਤਾ ਸੀ, ਜਿਸ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ। ਯਮਨ ਦੇ ਹਥਿਆਰਬੰਦ ਬਲ ਇਜ਼ਰਾਈਲੀ ਜਹਾਜ਼ਾਂ ਨੂੰ ਲਾਲ ਸਾਗਰ ਅਤੇ ਅਰਬ ਸਾਗਰ ’ਚ ਚੱਲਣ ਤੋਂ ਉਦੋਂ ਤਕ ਰੋਕਦੇ ਰਹਿਣਗੇ ਜਦੋਂ ਤਕ ਗਾਜ਼ਾ ਪੱਟੀ ’ਚ ਸਾਡੇ ਭਰਾਵਾਂ ਵਿਰੁਧ ਇਜ਼ਰਾਈਲੀ ਹਮਲਾ ਬੰਦ ਨਹੀਂ ਹੋ ਜਾਂਦਾ।’’

ਬਿਆਨ ’ਚ ਅੱਗੇ ਕਿਹਾ ਗਿਆ ਹੈ, ‘‘ਯਮਨ ਦੇ ਹਥਿਆਰਬੰਦ ਬਲ ਸਾਰੇ ਇਜ਼ਰਾਇਲੀ ਜਹਾਜ਼ਾਂ ਜਾਂ ਇਜ਼ਰਾਈਲੀਆਂ ਨਾਲ ਜੁੜੇ ਲੋਕਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਜੇਕਰ ਉਹ ਇਸ ਬਿਆਨ ਅਤੇ ਯਮਨ ਦੇ ਹਥਿਆਰਬੰਦ ਬਲਾਂ ਵਲੋਂ ਜਾਰੀ ਪਿਛਲੇ ਬਿਆਨਾਂ ਦੀ ਉਲੰਘਣਾ ਕਰਦੇ ਹਨ ਤਾਂ ਉਹ ਜਾਇਜ਼ ਨਿਸ਼ਾਨਾ ਬਣ ਜਾਣਗੇ।’’

ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਜੰਗੀ ਬੇੜੇ ਨੇ ਦੋ ਡਰੋਨਾਂ ਨੂੰ ਰੋਕਿਆ ਜੋ ਉਸ ਵਲ ਜਾ ਰਹੇ ਸਨ। ਅਮਰੀਕੀ ਜਹਾਜ਼ ’ਤੇ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਕ ਅਮਰੀਕੀ ਅਧਿਕਾਰੀ ਨੇ ਖੁਫੀਆ ਮਾਮਲਿਆਂ ’ਤੇ ਚਰਚਾ ਕਰਨ ਲਈ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਹਮਲਾ ਯਮਨ ਦੇ ਸਨਾ ’ਚ ਸਵੇਰੇ ਕਰੀਬ 10 ਵਜੇ ਸ਼ੁਰੂ ਹੋਇਆ ਅਤੇ ਇਹ ਪੰਜ ਘੰਟੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਸੀ।

ਇਹ ਤਾਜ਼ਾ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਹਮਾਸ ਅਤੇ ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗਬੰਦੀ ਰੁਕਣ ਤੋਂ ਬਾਅਦ ਮੱਧ ਪੂਰਬ ਵਿਚ ਈਰਾਨ ਸਮਰਥਿਤ ਪ੍ਰੌਕਸੀ ਬਲਾਂ ਨੇ ਫਿਰ ਤੋਂ ਹਮਲੇ ਤੇਜ਼ ਕਰਨਾ ਸ਼ੁਰੂ ਕਰ ਦਿਤਾ ਹੈ। ਬੀਤੀ ਰਾਤ ਈਰਾਨ ਸਮਰਥਿਤ ਸ਼ੀਆ ਮਿਲੀਸ਼ੀਆ ਬਲਾਂ ਨੇ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਇਰਾਕ ਵਿਚ ਅਮਰੀਕੀ ਫੌਜਾਂ ’ਤੇ ਅਪਣਾ ਪਹਿਲਾ ਹਮਲਾ ਕੀਤਾ।