ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਮੰਗਲਵਾਰ ਨੂੰ ਦਿਨ ਦਿਹਾੜੇ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਗੋਗਾਮੇੜੀ ਨੂੰ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਗੋਗਾਮੇੜੀ ਨਾਲ ਘਟਨਾ ਸਮੇਂ ਮੌਜੂਦ ਅਜੀਤ ਸਿੰਘ ਵੀ ਗੰਭੀਰ ਜ਼ਖ਼ਮੀ ਹੈ।
ਪੁਲਿਸ ਅਨੁਸਾਰ ਸੁਖਦੇਵ ਸਿੰਘ ਗੋਗਾਮੇੜੀ ਦਾ ਘਰ ਸ਼ਿਆਮ ਨਗਰ ਜਨਪਥ ’ਤੇ ਹੈ। ਮੰਗਲਵਾਰ ਦੁਪਹਿਰ ਕਰੀਬ ਡੇਢ ਵਜੇ ਦੋ ਬਦਮਾਸ਼ ਉਨ੍ਹਾਂ ਦੇ ਘਰ ਪਹੁੰਚੇ। ਜਿਵੇਂ ਹੀ ਗੋਗਾਮੇੜੀ ਦਿਖਾਈ ਦਿਤੇ, ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਦਸਿਆ ਜਾ ਰਿਹਾ ਹੈ ਕਿ ਗੋਗਾਮੇੜੀ ਨੂੰ ਚਾਰ ਗੋਲੀਆਂ ਲੱਗੀਆਂ ਹਨ।
ਫਾਇਰਿੰਗ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਪਿੱਛੇ ਤੋਂ ਆ ਰਹੇ ਸਕੂਟਰ ‘ਤੇ ਸਵਾਰ ਅਮਿਤ ਨੂੰ ਨਿਸ਼ਾਨਾ ਬਣਾਇਆ। ਸਕੂਟਰ ਸਵਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ ਅਤੇ ਸਕੂਟਰ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਸ਼ਿਆਮ ਨਗਰ ਪੁਲਿਸ ਮੌਕੇ ’ਤੇ ਪੁੱਜ ਗਈ।
ਸੁਖਦੇਵ ਸਿੰਘ ਗੋਗਾਮੇੜੀ ਲੰਬੇ ਸਮੇਂ ਤੋਂ ਰਾਸ਼ਟਰੀ ਕਰਣੀ ਸੈਨਾ ਨਾਲ ਜੁੜੇ ਹੋਏ ਸਨ। ਕਰਣੀ ਸੈਨਾ ਸੰਗਠਨ ਵਿਚ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਨਾਂਅ ਨਾਲ ਇਕ ਵੱਖਰਾ ਸੰਗਠਨ ਬਣਾਇਆ ਸੀ। ਗੋਗਾਮੇੜੀ ਫਿਲਮ ਪਦਮਾਵਤ ਅਤੇ ਗੈਂਗਸਟਰ ਆਨੰਦਪਾਲ ਐਨਕਾਊਂਟਰ ਮਾਮਲੇ ਤੋਂ ਬਾਅਦ ਰਾਜਸਥਾਨ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਸੁਰਖੀਆਂ ਵਿਚ ਆਏ ਸਨ।