ਗਰਮਖਿਆਲੀ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਮਾਮਲੇ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਨੇ ਅਪਣੀ ਇਕ ਰੀਪੋਰਟ ‘ਚ ਦਾਅਵਾ ਕੀਤਾ ਹੈ ਕਿ ਇੰਗਲੈਂਡ ਦੇ ਬਰਮਿੰਘਮ ‘ਚ ਇਕ ਸਿੱਖ ਕਾਰਕੁਨ ਨੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਅਨੁਸਾਰ ਭਾਰਤੀ ਪੁਲਿਸ ਖੰਡਾ ਨੂੰ ਮੌਤ ਤੋਂ ਪਹਿਲਾਂ ਫੋਨ ਕਰਕੇ ਤੰਗ ਪ੍ਰੇਸ਼ਾਨ ਕਰ ਰਹੀ ਸੀ ਅਤੇ ਪੰਜਾਬ ਵਿਚ ਉਸ ਦੇ ਪਰਿਵਾਰ ਨੂੰ ਵੀ ਧਮਕੀਆਂ ਦਿਤੀਆਂ ਜਾ ਰਹੀਆਂ ਸਨ।
ਰੀਪੋਰਟ ਮੁਤਾਬਕ ਖੰਡਾ ਨੂੰ ਪੇਟ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਜੂਨ ‘ਚ ਬਰਮਿੰਘਮ ਦੇ ਸੈਂਡਵੇਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਬ੍ਰਿਟਿਸ਼ ਅਧਿਕਾਰੀਆਂ ਨੇ ਮੌਤ ’ਤੇ ਕਿਹਾ ਸੀ ਕਿ ਇਸ ਮਾਮਲੇ ‘ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ। ਖੰਡਾ ਦੇ ਪਰਿਵਾਰ ਨੇ ਬ੍ਰਿਟਿਸ਼ ਅਧਿਕਾਰੀਆਂ ਦੇ ਇਸ ਬਿਆਨ ‘ਤੇ ਸਵਾਲ ਚੁੱਕੇ ਹਨ।
ਰੀਪੋਰਟ ਨੇ ਖੰਡਾ ਦੇ ਪਰਿਵਾਰ ਅਤੇ ਦੋਸਤਾਂ ਨਾਲ ਕੀਤੀਆਂ ਇੰਟਰਵਿਊਆਂ ਦਾ ਹਵਾਲਾ ਦਿਤਾ ਅਤੇ ਲਿਖਿਆ ਕਿ ਖੰਡਾ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਦੀ ਮੌਤ ਸ਼ੱਕੀ ਸੀ। ਖੰਡਾ ਦੇ ਸਾਥੀਆਂ ਨੇ ਕਿਹਾ ਕਿ ਮਿਡਲੈਂਡਜ਼ ਪੁਲਿਸ ਨੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਬਿਆਨ ਨਹੀਂ ਲਿਆ ਹੈ। ਉਸ ਦੇ ਮਾਲਕਾਂ ਜਾਂ ਕੰਮ ਦੇ ਸਹਿਯੋਗੀਆਂ ਨਾਲ ਗੱਲ ਨਹੀਂ ਕੀਤੀ,
ਯੂਨਾਈਟਿਡ ਕਿੰਗਡਮ ਦੀ ਸਿੱਖ ਫੈਡਰੇਸ਼ਨ ਨੇ ਕਿਹਾ ਹੈ ਕਿ ਅਵਤਾਰ ਸਿੰਘ ਨੂੰ ਬਲੱਡ ਕੈਂਸਰ ਸੀ। ਹਾਲਾਂਕਿ ਕਈ ਮੀਡੀਆ ਰੀਪੋਰਟਾਂ ‘ਚ ਇਹ ਵੀ ਕਿਹਾ ਗਿਆ ਸੀ ਕਿ ਉਸ ਦੀ ਮੌਤ ਦਾ ਕਾਰਨ ਸ਼ੱਕੀ ਸੀ। ਕੁੱਝ ਲੋਕਾਂ ਨੇ ਕਿਹਾ ਕਿ ਉਸ ਨੂੰ ਜ਼ਹਿਰ ਦਿਤਾ ਗਿਆ ਸੀ। ਹਿੰਦੁਸਤਾਨ ਟਾਈਮਜ਼ ਵਿਚ ਛਪੀ ਇਕ ਖਬਰ ਅਨੁਸਾਰ, ਖੰਡਾ ਦੇ ਸਮਰਥਕ ਉਸ ਦੀ ਮੈਡੀਕਲ ਰੀਪੋਰਟ ਚਾਹੁੰਦੇ ਸਨ।