ਕਪੂਰਥਲਾ ਮਾਡਰਨ ਜੇਲ੍ਹ ‘ਚ ਲਾਕਅੱਪ ‘ਚੋਂ ਮਿਲਿਆ ਨਸ਼ਾ, 26 ਗ੍ਰਾਮ ਨਸ਼ੀਲਾ ਪਦਾਰਥ ਅਤੇ ਮੋਬਾਇਲ ਬਰਾਮਦ

ਅੱਜ ਕਪੂਰਥਲਾ ਮਾਡਰਨ ਜੇਲ੍ਹ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਵਿਚ ਅਦਾਲਤ ਵਿਚ ਪੇਸ਼ੀ ਤੋਂ ਵਾਪਸ ਆਏ ਇਕ ਕੈਦੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 26.23 ਗ੍ਰਾਮ ਨਸ਼ੀਲਾ ਪਦਾਰਥ ਅਤੇ ਬੈਟਰੀ ਸਮੇਤ ਇਕ ਸੈਮਸੰਗ ਮੋਬਾਈਲ ਬਰਾਮਦ ਹੋਇਆ। ਇਸ ਤੋਂ ਬਾਅਦ ਸਹਾਇਕ ਜੇਲ ਸੁਪਰਡੈਂਟ ਦੀ ਸ਼ਿਕਾਇਤ ‘ਤੇ ਕੈਦੀ ਖਿਲਾਫ਼ ਥਾਣਾ ਕੋਤਵਾਲੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੇ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਹਵਾਲਾਤੀ ਸੁਖਵਿੰਦਰ ਸਿੰਘ ਵਾਸੀ ਜਲੰਧਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਮਗਰੋਂ ਜੇਲ੍ਹ ਦੇ ਕਮਰੇ ਵਿਚ ਤਲਾਸ਼ੀ ਲਈ ਗਈ। ਉਸ ਕੋਲੋਂ ਪੀਲੇ ਰੰਗ ਦਾ ਲਿਫਾਫਾ ਬਰਾਮਦ ਹੋਇਆ।

ਜਿਸ ‘ਚੋਂ 26.23 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਲਾਕਅੱਪ ਵਿਚੋਂ ਇੱਕ ਸੈਮਸੰਗ ਕੰਪਨੀ ਦਾ ਮੋਬਾਈਲ ਅਤੇ ਬੈਟਰੀ ਵੀ ਬਰਾਮਦ ਹੋਈ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਕਾਬੂ ਕੀਤੇ ਸੁਖਵਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।