Nipah virus : ਕੇਰਲ ‘ਚ ਨਿਪਾਹ ਵਾਇਰਸ ਨਾਲ ਪੀੜਤ 14 ਸਾਲਾ ਬੱਚੇ ਦੀ ਹੋਈ ਮੌਤ ,ਇਲਾਜ ਦੌਰਾਨ ਪਿਆ ਦਿਲ ਦਾ ਦੌਰਾ

Nipah virus : ਕੇਰਲ ਦੇ ਮਲੱਪੁਰਮ ‘ਚ ਨਿਪਾਹ ਵਾਇਰਸ ਕਾਰਨ 14 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਪੀੜਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਐਤਵਾਰ ਨੂੰ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਬੱਚੇ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਿਪਾਹ ਵਾਇਰਸ ਦੀ ਲਾਗ ਦਾ ਪਤਾ ਲੱਗਣ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਉਸ ਦੀ ਮੌਤ ਹੋ ਗਈ ਹੈ।

ਸ਼ਨੀਵਾਰ ਨੂੰ ਰਾਜ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਸੀ ਕਿ ਮਲੱਪੁਰਮ ਜ਼ਿਲ੍ਹੇ ਦੇ ਇੱਕ ਬੱਚੇ ‘ਚ ਨਿਪਾਹ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਮੁਤਾਬਕ ਬੱਚੇ ਨੂੰ ਸਵੇਰੇ 10.50 ਵਜੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਸਿਹਤ ਮੰਤਰੀ ਵੀਨਾ ਜਾਰਜ ਦਾ ਬਿਆਨ

ਸਿਹਤ ਮੰਤਰੀ ਵੀਨਾ ਜਾਰਜ  ਨੇ ਕਿਹਾ, “ਉਹ ਵੈਂਟੀਲੇਟਰ ਸਪੋਰਟ ‘ਤੇ ਸੀ। ਅੱਜ ਸਵੇਰੇ ਉਸ ਦਾ  ਪਿਸ਼ਾਬ ਆਉਟਪੁੱਟ ਘੱਟ ਹੋ ਗਿਆ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਅਤੇ ਸਵੇਰੇ 11.30 ਵਜੇ ਉਸ ਦੀ ਮੌਤ ਹੋ ਗਈ।” ਮੰਤਰੀ ਨੇ ਕਿਹਾ ਕਿ ਨੌਜਵਾਨ ਦਾ ਅੰਤਿਮ ਸਸਕਾਰ ਮੈਡੀਕਲ ਪ੍ਰੋਟੋਕੋਲ ਅਨੁਸਾਰ ਕੀਤਾ ਜਾਵੇਗਾ। ਬੱਚੇ ਦੇ ਪਿਤਾ ਅਤੇ ਚਾਚਾ ਕੋਝੀਕੋਡ ਮੈਡੀਕਲ ਕਾਲਜ ਵਿੱਚ ਹਨ। ਫਿਲਹਾਲ ਕੋਝੀਕੋਡ ਮੈਡੀਕਲ ਕਾਲਜ ‘ਚ 3 ਲੋਕਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

ਕੀ ਹੈ ਨਿਪਾਹ ਵਾਇਰਸ ?

ਨਿਪਾਹ ਵਾਇਰਸ (NiV) ਇੱਕ ਬਿਮਾਰੀ ਹੈ ,ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਨੂੰ ਜ਼ੂਨੋਟਿਕ ਬਿਮਾਰੀ ਕਿਹਾ ਜਾਂਦਾ ਹੈ। ਇਹ ਚਮਗਿੱਦੜਾਂ ਅਤੇ ਸੂਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਇਹ ਵਾਇਰਸ ਬੁਖਾਰ, ਉਲਟੀਆਂ, ਸਾਹ ਦੀ ਬਿਮਾਰੀ ਅਤੇ ਦਿਮਾਗ ਵਿੱਚ ਸੋਜ ਦਾ ਕਾਰਨ ਬਣ ਸਕਦਾ ਹੈ।

ਲੱਛਣ ਕੀ ਹਨ?

ਵਾਇਰਲ ਬੁਖਾਰ ਦੇ ਆਮ ਲੱਛਣਾਂ ਨੂੰ ਪੈਦਾ ਕਰਨ ਤੋਂ ਇਲਾਵਾ ਇਹ ਲਾਗ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ।  ਇਸ ਕਾਰਨ ਸੈਂਟਰਲ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਜਿਸ ਦੇ ਨਤੀਜੇ ਵਜੋਂ ਦਿਮਾਗ ਦੀ ਸੋਜ ਜਾਂ ਇਨਸੇਫਲਾਈਟਿਸ ਹੋ ਜਾਂਦੀ ਹੈ। ਇਸ ਕਾਰਨ ਮਰੀਜ਼ 24 ਤੋਂ 48 ਘੰਟਿਆਂ ਵਿੱਚ ਕੋਮਾ ਵਿੱਚ ਜਾ ਸਕਦਾ ਹੈ।