ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਦੀ ਪਿਹੋਵਾ ਅਨਾਜ ਮੰਡੀ ‘ਚ ਅਤੇ ਸੋਨੀਪਤ ‘ਚ ਰੈਲੀ ਕੀਤੀ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ -ਭਾਜਪਾ ਗਠਜੋੜ ਅਤੇ ਕਾਂਗਰਸ ਨੂੰ ਤਿੰਨ-ਚਾਰ ਮੌਕੇ ਦਿੱਤੇ ਪਰ ਪੰਜਾਬ ਦਾ ਵਿਕਾਸ ਨਹੀਂ ਹੋਇਆ। ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਇੱਕ ਮੌਕਾ ਦਿੱਤਾ। ਇਸੇ ਦਾ ਨਤੀਜਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ 43 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਫੋਨ ਕਰਕੇ ਪੁੱਛ ਲਵੋ। ਨੌਕਰੀ ਦੇ ਨਾਂ ‘ਤੇ ਕਿਸੇ ਤੋਂ ਇਕ ਰੁਪਿਆ ਵੀ ਨਹੀਂ ਲਿਆ ਗਿਆ।
ਭਗਵੰਤ ਮਾਨ ਨੇ ਕਾਂਗਰਸ ਅਤੇ ਭਾਜਪਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਦੇਸ਼ ਅਤੇ ਸੂਬੇ ਨੂੰ ਲੁੱਟਣ ਦਾ ਕੰਮ ਕੀਤਾ ਹੈ। ਇਨ੍ਹਾਂ ਪਾਰਟੀਆਂ ਕਾਰਨ ਲੋਕਾਂ ਦਾ ਆਗੂਆਂ ਤੋਂ ਵਿਸ਼ਵਾਸ ਉੱਠ ਗਿਆ ਹੈ। ਜੇ ਇਨ੍ਹਾਂ ਨਾਲ ਹੱਥ ਮਿਲਾਉਂਦੇ ਹੋ ਤਾਂ ਹੱਥਾਂ ਦੀਆਂ ਉਂਗਲਾਂ ਗਿਣਨੀਆਂ ਪੈਂਦੀਆਂ ਹਨ ਕਿ ਕਿਤੇ ਉਂਗਲੀ ਤਾਂ ਨੀ ਲੈ ਗਏ। ਇਨ੍ਹਾਂ ਪਾਰਟੀਆਂ ਨੂੰ ਲੁੱਟਿਆ ਹੈ ਪਰ ਹੁਣ ਨਹੀਂ ਲੁੱਟਣਾ ਹੈ। ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖਣਾ ਚਾਹੀਦਾ ਹੈ।
ਮਾਨ ਨੇ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਆ ਗਿਆ ਹੈ, ਇਹ ਲੋਕ ਪੈਸੇ ਲੈ ਕੇ ਆਉਣਗੇ, ਪੈਸੇ ਤੋਂ ਨਾਂਹ ਨਹੀਂ ਕਰਨੀ ਪਰ ਵੋਟ ਝਾੜੂ ਦੇ ਨਿਸ਼ਾਨ ‘ਤੇ ਪਾਉਣੀ ਹੈ। ਪਹਿਲਾਂ ਚਿੱਕੜ ਵਿੱਚ ਕਮਲ ਖਿੜ ਰਿਹਾ ਸੀ ਪਰ ਝਾੜੂ ਨੇ ਆ ਕੇ ਦਿੱਲੀ ਅਤੇ ਪੰਜਾਬ ‘ਚ ਅਜਿਹੀ ਸਫ਼ਾਈ ਕੀਤੀ ਕਿ ਚਿੱਕੜ ਹੋਣ ਹੀ ਨਹੀਂ ਦਿੱਤਾ ਅਤੇ ਕਮਲ ਨੂੰ ਖਿੜਨ ਦਾ ਮੌਕਾ ਨਹੀਂ ਦਿੱਤਾ।
ਅਰਵਿੰਦ ਕੇਜਰੀਵਾਲ ਦੇਸ਼ ਦੇ ਸਿਪਾਹੀ
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਅਤੇ ਭਾਜਪਾ ਰਾਜ ਕਰਕੇ ਚਲੀ ਜਾਂਦੀ ਹੈ ਪਰ ਲੋਕਾਂ ਦੇ ਦਰਦ ਦਾ ਕੋਈ ਹੱਲ ਨਹੀਂ ਹੋ ਰਿਹਾ, ਅਜਿਹੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਦੇਸ਼ ਦੇ ਸਿਪਾਹੀ ਹਨ , ਉਹ ਜੇਲ੍ਹ ਤੋਂ ਨਹੀਂ ਡਰਦੇ। ਜੇਕਰ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨੀ ਹੈ, ਬਿਜਲੀ ਮੁਫਤ ਚਾਹੀਦੀ ਹੈ ਤਾਂ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਨਾਲ ਆਉਣਾ ਚਾਹੀਦਾ ਹੈ। ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ।
ਖੱਟਰ ਦਾ ਇੰਜਣ ਖਟਾਰਾ
ਮੋਦੀ ਅਤੇ ਖੱਟਰ ਦੇ ਡਬਲ ਇੰਜਣ ‘ਤੇ ਉਨ੍ਹਾਂ ਕਿਹਾ ਕਿ ਹੁਣ ਖੱਟਰ ਦਾ ਇੰਜਣ ਖਟਾਰਾ ਹੋ ਗਿਆ ਤਾਂ ਇਹ ਤੀਜਾ ਇੰਜਣ ਲੈ ਆਏ। ਉਨ੍ਹਾਂ ਕਿਹਾ ਕਿ ਇਹ ਲੋਕ ਇਹੀ ਖੇਡ ਖੇਡਦੇ ਹਨ ਪਰ ਜਨਤਾ ਨੂੰ ਜਾਗਣਾ ਪਵੇਗਾ। ਆਪਣੇ ਬੱਚਿਆਂ ਨੂੰ ਪੜ੍ਹਾਓ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਓ। ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਦੀ ਤਰਜ਼ ‘ਤੇ ਹਰਿਆਣਾ ਦਾ ਵਿਕਾਸ ਕਰੇਗੀ।
ਦੱਸ ਦੇਈਏ ਕਿ ਹਰਿਆਣਾ ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਦੇ ਲਈ ਪਾਰਟੀ 12 ਅਗਸਤ ਤੱਕ ਸੂਬੇ ਭਰ ਵਿੱਚ 45 ਰੈਲੀਆਂ ਕਰੇਗੀ।