ਯੁੱਧ ਨਸ਼ਿਆਂ ਵਿਰੁੱਧ ਜੀ ਤਹਿਤ ਨਸ਼ਿਆ ਦੇ ਖ਼ਿਲਾਫ਼ ਲਗਾਤਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਰਹੀ ਹੈ। ਜਿਸ ਦੇ ਚਲਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵਾਰ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਿਸ ਵਿੱਚ ਅੰਮ੍ਰਿਤਸਰ ਦੇ ਸੀਏ ਸਟਾਫ਼ ਵੱਲੋਂ ਵਿਦੇਸ਼ ਵਿੱਚ ਬੈਠੇ ਡਰੱਗ ਸਮਗਲਰ ਜਸਮੀਤ ਸਿੰਘ ਉਰਫ਼ ਲੱਕੀ ਦੇ ਸਾਥੀ ਸਾਹਿਲਪ੍ਰੀਤ ਸਿੰਘ ਉਰਫ਼ ਕਰਨ ਪਿੰਡ ਦੇਵੀਦਾਸਪੁਰਾ ਦੇ ਘਰੋਂ 23 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰ ਕੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਨੂੰ ਖ਼ਤਮ ਕੀਤਾ ਹੈ।
ਦੇਵੀਦਾਸਪੁਰ ਦਾ ਰਹਿਣ ਵਾਲਾ ਕਰਨ ਜੋ ਕਿ ਯੂਐਸਏ ਬੈਠੇ ਡਰੱਗ ਸਮਗਲਰ ਲੱਕੀ ਵੱਲੋਂ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਸਟੋਰ ਕਰਦਾ ਸੀ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਸਮਗਲਰਾਂ ਨੂੰ ਸਪਲਾਈ ਕਰਦਾ ਸੀ।
ਤਕਰੀਬਨ 23 ਕਿੱਲੋ ਹੈਰੋਇਨ ਉਸ ਨੇ ਆਪਣੇ ਘਰ ਵਿੱਚ ਲੁਕਾ ਕੇ ਰੱਖੀ ਹੋਈ ਸੀ ਜਦੋਂ ਸੀਏ ਸਟਾਫ਼ ਵੱਲੋਂ ਉਸ ਦੇ ਘਰ ’ਤੇ ਰੇਡ ਕੀਤੀ ਗਈ, ਉਸ ਸਮੇਂ ਕਰਨ ਘਰ ਨਹੀਂ ਮਿਲਿਆ ਸੀ ਅਤੇ ਜਦੋਂ ਉਸ ਦੇ ਘਰ ਦੇ ਤਲਾਸ਼ੀ ਲਈ ਗਈ ਤਾਂ ਉਸ ਦੇ ਘਰ ਵਿੱਚ ਬਣਾਏ ਕਬੂਤਰਾਂ ਦੇ ਖੁੱਡੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ।
ਉਸ ਤੋਂ ਬਾਅਦ ਪੁਲਿਸ ਵਲੋਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਕਰਨ ਵੱਲੋਂ ਇਸ ਖੇਪ ਨੂੰ ਕਿਸ ਜ਼ਰੀਏ ਹਾਸਲ ਕੀਤਾ ਗਿਆ ਅਤੇ ਉਸ ਦੇ ਨਾਲ ਕਿਹੜੇ-ਕਿਹੜੇ ਵਿਅਕਤੀ ਸ਼ਾਮਿਲ ਹਨ ਇਸ ਸਬੰਦੀ ਵੀ ਜਾਂਚ ਕੀਤੀ ਜਾ ਰਹੀ ਹੈ।