ਕੇਂਦਰੀ ਸਿਖਿਆ ਮੰਤਰਾਲੇ ਦੀ ਮੁਲਾਂਕਣ ਰਿਪੋਰਟ ‘ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ

ਚੰਡੀਗੜ੍ਹ : ਕੇਂਦਰੀ ਸਿਖਿਆ ਮੰਤਰਾਲੇ ਦੀ ਨਵੀਂ ਸਕੂਲ ਸਿਖਿਆ ਸੰਕੇਤਕ ਮੁਲਾਂਕਣ ਰਿਪੋਰਟ ਪਰਫ਼ਾਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) 2.0 2023-24 ‘ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਸੂਬੇ ਦੇ ਵੱਖੋ-ਵੱਖ ਜ਼ਿਲ੍ਹਿਆਂ ‘ਚ ਸਕੂਲਾਂ ਦਾ ਛੇ ਖੇਤਰਾਂ ‘ਚ ਮੁਲਾਂਕਣ ਕੀਤਾ ਗਿਆ। ਜਿਨ੍ਹਾਂ ‘ਚ ਵਿਦਿਅਕ ਨਤੀਜੇ ਤੇ ਗੁਣਵੱਤਾ, ਪਹੁੰਚ, ਬੁਨਿਆਦੀ ਢਾਂਚਾ ਤੇ ਸਹੂਲਤਾਂ, ਬਰਾਬਰੀ, ਪ੍ਰਸ਼ਾਸਨਿਕ ਪ੍ਰਕਿਰਿਆਵਾਂ, ਅਧਿਆਪਕ ਸਿਖਿਆ ਤੇ ਸਿਖਲਾਈ ਸ਼ਾਮਲ ਹੈ।

ਨਵੀਂ ਰਿਪੋਰਟ 2022- 23 ਤੇ 2023-24 ਦੇ ਸਾਲਾਂ ਨੂੰ ਕਵਰ ਕਰਦੀ ਹੈ, ਤੇ ਇਸਦਾ ਡਾਟਾ ਨੈਸ਼ਨਲ ਅਚੀਵਨੈਂਟ ਸਰਵੇ 2021, ਯੂਨੀਫਾਈਡ ਡਿਸਟ੍ਰਿਕਟ ਇੰਫਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ ਪਲੱਸ (ਯੂਡੀਆਈਐੱਸਈ ਪਲੱਸ), ਤੇ ਮਿਡ ਡੇ ਮੀਲ ਪ੍ਰੋਗਰਾਮ (ਪੀਐੱਮ ਪੋਸ਼ਣ) ਤੋਂ ਲਿਆ ਗਿਆ ਹੈ। ਸਕੂਲਾਂ ‘ਚ ਬੁਨਿਆਦੀ ਢਾਂਚੇ ਨੂੰ ਸੁਧਾਰਣ ਤੇ ਸਹੂਲਤਾਂ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ ‘ਚ ਭੇਜਿਆ ਜਾ ਰਿਹਾ ਹੈ ਜਿਸ ਦੇ ਨਤੀਜਾ ਨਜ਼ਰ ਆ ਰਹੇ ਹਨ।

ਪੀਜੀਆਈ ਰਿਪੋਰਟ ‘ਚ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1,000 ਨੰਬਰਾਂ ਦੇ ਪੈਮਾਨੇ ’ਤੇ ਨੰਬਰ ਦਿਤੇ ਜਾਂਦੇ ਹਨ। ਸੂਬੇ ਦੇ ਟਾਪ ਪੰਜ ਜ਼ਿਲ੍ਹਿਆਂ ‘ਚ ਮੁਕਤਸਰ ਸਾਹਿਬ, ਬਰਨਾਲਾ, ਮੋਗਾ, ਬਠਿੰਡਾ, ਫ਼ਿਰੋਜ਼ਪੁਰ ਰਹੇ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ ਸਕੂਲਾਂ ਨੂੰ ਸਾਰੇ ਛੇ ਖੇਤਰਾਂ ਤੋਂ ਓਵਰਆਲ 361 ਨੰਬਰ ਮਿਲੇ। ਸਿਖਿਆ ਮੰਤਰੀ ਹਰਜੋਤ ਬੈਂਸ ਦੇ ਜ਼ਿਲ੍ਹੇ ਰੋਪੜ ਦੇ ਸਕੂਲਾਂ ਨੂੰ 351 ਨੰਬਰ ਮਿਲੇ।

ਲੁਧਿਆਣਾ ਨੂੰ 374, ਜਲੰਧਰ ਨੂੰ 367, ਅੰਮ੍ਰਿਤਸਰ ਨੂੰ 379 ਤੇ ਬਠਿੰਡਾ ਨੂੰ 385 ਨੰਬਰ ਮਿਲੇ। ਕਿਸੇ ਵੀ ਸੂਬੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 761 ਜਾਂ ਉਸ ਤੋਂ ਵੱਧ ਨੰਬਰ ਹਾਸਲ ਨਹੀਂ ਕੀਤੇ। ਪੰਜਾਬ ਨੂੰ 1000 ਨੰਬਰਾਂ ‘ਚੋਂ 631.1 ਨੰਬਰ ਮਿਲੇ। ਚੰਡੀਗੜ੍ਹ ਦੇ ਬਾਅਦ ਪੰਜਾਬ ਦੂਜੇ ਨੰਬਰ ’ਤੇ ਰਿਹਾ ਹੈ। ਨੰਬਰਾਂ ਦਾ ਮਕਸਦ ਦਰਸਾਉਣਾ ਹੈ ਕਿ ਸੂਬੇ ਨੂੰ ਕਿਸੇ ਖੇਤਰ ‘ਚ ਸੁਧਾਰ ਦੀ ਲੋੜ ਹੈ। ਪੀਜੀਆਈ ਦੀ ਸ਼ੁਰੂਆਤ 2017 ‘ਚ ਕੀਤੀ ਗਈ ਸੀ ਤੇ ਇਸ ਨੂੰ 2021 ‘ਚ ਪੀਜੀਆਈ 20 ਦੇ ਰੂਪ ‘ਚ ਮੁੜ ਗਠਿਤ ਕੀਤਾ ਗਿਆ। 2022 : 23 ‘ਚ ਪੰਜਾਬ ਨੇ 614.1 ਹਾਸਲ ਕੀਤੇ ਸਨ।

ਕਿਸੇ ਜ਼ਿਲ੍ਹੇ ਨੂੰ ਮਿਲੇ ਕਿੰਨੇ ਨੰਬਰ
ਮੁਕਤਸਰ ਸਾਹਿਬ     412
ਬਰਨਾਲਾ               407
ਮੋਗਾ                     389
ਬਠਿੰਡਾ                  385
ਫ਼ਿਰੋਜ਼ਪੁਰ              384
ਪਠਾਨਕੋਟ             382
ਐਸਬੀਐਸ ਨਗਰ  380
ਪਟਿਆਲਾ             376
ਫ਼ਰੀਦਕੋਟ             375
ਲੁਧਿਆਣਾ            374
ਤਰਨਤਾਰਨ          373
ਅੰਮ੍ਰਿਤਸਰ            370
ਮਾਨਸਾ                370
ਜਲੰਧਰ               367
ਹੁਸ਼ਿਆਰਪੁਰ        364
ਫ਼ਤਿਹਗੜ੍ਹ ਸਾਹਿਬ  364
ਫ਼ਾਜ਼ਿਲਕਾ            364
ਮਾਲੇਰਕੋਟਲਾ       364
ਸੰਗਰੂਰ               361
ਮੋਹਾਲੀ               359
ਰੋਪੜ                  351
ਗੁਰਦਾਸਪੁਰ        347
ਕਪੂਰਥਲਾ           344