ਲੁਧਿਆਣਾ ਵਿੱਚ ਕਾਰ ਸਵਾਰ ਬਦਮਾਸ਼ਾਂ ਨੇ ਇੱਕ NRI ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ ਹਨ। ਹਮਲਾਵਰਾਂ ਨੇ ਕਰੀਬ 5 ਤੋਂ 6 ਰਾਊਂਡ ਫਾਇਰ ਕੀਤੇ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀਬਾਰੀ ਵਿਚ ਕੋਈ ਜ਼ਖਮੀ ਨਹੀਂ ਹੋਇਆ। ਥਾਣਾ ਸਰਾਭਾ ਨਗਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਬੀਆਰਏ ਨਗਰ ਦੀ ਹੈ। ਵੀਰਵਾਰ ਨੂੰ ਬਦਮਾਸ਼ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਪਹਿਲਾਂ ਕਿਸੇ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਘਰ ‘ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਲੋਕ ਕੰਮ ਕਰ ਰਹੇ ਸਨ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।
ਰਾਤ ਕਰੀਬ 2 ਵਜੇ ਇਸ ਘਟਨਾ ਨੂੰ ਦਿੱਤਾ ਅੰਜਾਮ
ਪਤਾ ਲੱਗਾ ਹੈ ਕਿ ਐਨਆਰਆਈ ਰਾਜਦੀਪ ਕਰੀਬ 15 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਭਾਰਤ ਆਇਆ ਸੀ। ਬਦਮਾਸ਼ਾਂ ਨੇ ਵੀਰਵਾਰ ਰਾਤ ਕਰੀਬ 2 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਬਦਮਾਸ਼ਾਂ ਦੀ ਬੇਲੇਨੋ ਕਾਰ ਦਾ ਨੰਬਰ ਟਰੇਸ ਕਰਨ ਵਿੱਚ ਲੱਗੀ ਹੋਈ ਹੈ।
ਇਸ ਦੇ ਨਾਲ ਹੀ ਸੇਫ਼ ਸਿਟੀ ਕੈਮਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬਦਮਾਸ਼ ਕਿਸ ਦਿਸ਼ਾ ਵੱਲ ਭੱਜੇ ਹਨ। ਐਨਆਰਆਈ ਪਰਿਵਾਰ ਮੁਤਾਬਕ ਗੋਲੀ ਚਲਾਉਣ ਵਾਲੇ ਨੌਜਵਾਨ ਉਨ੍ਹਾਂ ਨੂੰ ਜਾਣਦੇ ਵੀ ਨਹੀਂ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਸ ਦੁਸ਼ਮਣੀ ਕਾਰਨ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਰਾਭਾ ਨਗਰ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਬੇਲੀਨੋ ਕਾਰ ਵਿੱਚ 2 ਤੋਂ 3 ਵਿਅਕਤੀ ਸਵਾਰ ਸਨ। ਪੁਲੀਸ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।