ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਝੜਪ ਦਾ ਮਾਮਲਾ; ਜੇਲ੍ਹ ਸੁਪਰਡੈਂਟ ਅਤੇ 3 ਹੋਰ ਮੁਲਾਜ਼ਮ ਸਸਪੈਂਡ

ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿਚ ਪਿਛਲੇ ਹਫ਼ਤੇ ਕੈਦੀਆਂ ਵਿਚਾਲੇ ਹੋਈ ਝੜਪ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਝੜਪ ਵਿਚ ਦੋ ਕੈਦੀਆਂ ਦੀ ਮੌਤ ਦੇ ਇਕ ਹਫ਼ਤੇ ਬਾਅਦ ਇਸ ਮਾਮਲੇ ਵਿਚ ਪੰਜਾਬ ਜੇਲ੍ਹ ਵਿਭਾਗ ਵਲੋਂ ਕੀਤੀ ਗਈ ਜਾਂਚ ਦੀ ਅੰਤ੍ਰਿਮ ਰਿਪੋਰਟ ਦੇ ਆਧਾਰ ’ਤੇ ਸੁਪਰਡੈਂਟ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਜੇਲ੍ਹ ਸੁਪਰਡੈਂਟ ਰਾਮ ਲਾਲ ਅਤੇ ਵਾਰਡਨ ਮਲਕੀਅਤ ਸਿੰਘ ਤੇ ਅਵਤਾਰ ਸਿੰਘ ਦੀ ਮੁਅੱਤਲੀ ਦੇ ਹੁਕਮਾਂ ਦੇ ਨਾਲ-ਨਾਲ ਉਨ੍ਹਾਂ ਵਿਰੁਧ ਅਣਗਹਿਲੀ ਲਈ ਵਿਭਾਗੀ ਜਾਂਚ ਦੇ ਵੀ ਹੁਕਮ ਦਿਤੇ ਗਏ ਹਨ।

ਜ਼ਿਕਰਯੋਗ ਹੈ ਕਿ 19 ਅਪ੍ਰੈਲ ਨੂੰ ਸੰਗਰੂਰ ਜ਼ਿਲ੍ਹਾ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ 10 ਕੈਦੀਆਂ ਵਿਰੁਧ ਕੇਸ ਦਰਜ਼ ਕੀਤਾ ਗਿਆ ਹੈ। ਜ਼ਖਮੀ ਗੰਗਦੀਪ ਅਤੇ ਸਹਿਬਾਜ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਾਮਲੇ ਦੀ ਨਿਆਂਇਕ ਜਾਂਚ ਵੀ ਚੱਲ ਰਹੀ ਹੈ, ਜਦਕਿ ਸੰਗਰੂਰ ਪੁਲਿਸ ਨੇ 10 ਜੇਲ੍ਹ ਕੈਦੀਆਂ ਵਿਰੁਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307, 353, 186, 120 ਬੀ, 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ।

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਅਰੁਣ ਪਾਲ ਸਿੰਘ ਨੇ ਦਸਿਆ, “ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਜੇਲ੍ਹ ਸੁਪਰਡੈਂਟ ਰਾਮ ਲਾਲ, ਹੈੱਡ ਵਾਰਡਰ ਮਲਕੀਅਤ ਸਿੰਘ ਅਤੇ ਇਕ ਵਾਰਡਰ ਅਵਤਾਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਜਦਕਿ ਵਿਭਾਗੀ ਜਾਂਚ ਦੇ ਹੁਕਮ ਵੀ ਦਿਤੇ ਗਏ ਹਨ। ” ਉਨ੍ਹਾਂ ਦਸਿਆ ਕਿ ਨਾਭਾ ਜੇਲ੍ਹ ਦੇ ਸੁਪਰਡੈਂਟ ਲਲਿਤ ਕੋਹਲੀ ਨੂੰ ਪਹਿਲਾਂ ਹੀ ਸੰਗਰੂਰ ਜ਼ਿਲ੍ਹਾ ਜੇਲ੍ਹ ਦਾ ਵਾਧੂ ਚਾਰਜ ਦਿਤਾ ਜਾ ਚੁੱਕਾ ਹੈ। ਏਡੀਜੀਪੀ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਨੇ ਲੋਹੇ ਦੇ ਸਕਰੈਪ ਦੀ ਵਰਤੋਂ ਨਾਲ ਚਾਕੂ ਬਣਾਏ ਸਨ।