ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਉਧਾਰ ਲਏ ਆਗੂਆਂ ਨਾਲ ਅਪਣੀ ਰਾਜਨੀਤੀ ਚਲਾ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਔਰਤਾਂ ਨੂੰ ਨੁਮਾਇੰਦਗੀ ਦੇਣ ਵਿਚ ਅਸਫ਼ਲ ਰਹਿਣ ਲਈ ‘ਆਪ’ ਸਰਕਾਰ ਦੀ ਵੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ, ‘ਇਹ ਬਹੁਤ ਹੀ ਬੇਤੁਕਾ ਹੈ ਕਿ ‘ਆਪ’ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਸਰਗਰਮ ਰਾਜਨੀਤੀ ‘ਚ ਹੈ ਪਰ ਜ਼ਮੀਨੀ ਪੱਧਰ ‘ਤੇ ਅਪਣਾ ਪਾਰਟੀ ਕਾਡਰ ਵਿਕਸਿਤ ਨਹੀਂ ਕਰ ਸਕੀ’। ਬਾਜਵਾ ਨੇ ਕਿਹਾ ਕਿ ‘ਆਪ’ ਦਾ ਆਧਾਰ ਵਿਕਸਤ ਨਾ ਹੋਣ ਦਾ ਇਕੋ ਇਕ ਕਾਰਨ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਪਾਰਟੀ ‘ਤੇ ਭਰੋਸਾ ਨਹੀਂ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ, ‘ਕੁੱਲ 13 ਲੋਕ ਸਭਾ ਹਲਕਿਆਂ ਤੋਂ ‘ਆਪ’ ਨੇ ਤਿੰਨ ਉਧਾਰ ਲਏ ਆਗੂਆਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ‘ਚ ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ (ਕਾਂਗਰਸ ਤੋਂ ਉਧਾਰ ਲਿਆ ਗਿਆ), ਪਵਨ ਕੁਮਾਰ ਟੀਨੂੰ ਜਲੰਧਰ ਤੋਂ (ਅਕਾਲੀ ਦਲ ਤੋਂ ਉਧਾਰ ਲਿਆ ਗਿਆ) ਅਤੇ ਗੁਰਪ੍ਰੀਤ ਸਿੰਘ ਜੀਪੀ (ਕਾਂਗਰਸ ਤੋਂ ਉਧਾਰ ਲਿਆ ਗਿਆ) ਸ਼ਾਮਲ ਹਨ’।
ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ‘ਆਪ’ ਨੇ ਅਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਹੋਰ ਸੀਟਾਂ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਦੇ ਨਾਲ ਹੀ ਇਹ ‘ਆਪ’ ਸਰਕਾਰ ਲਈ ਬਹੁਤ ਮੰਦਭਾਗਾ ਹੈ ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਵਿਚ ਔਰਤਾਂ ਨੂੰ ਨੁਮਾਇੰਦਗੀ ਨਹੀਂ ਦਿਤੀ। ਅਕਸਰ ਮਹਿਲਾ ਸਸ਼ਕਤੀਕਰਨ ਅਤੇ ਸਮਾਨਤਾ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਇਕ ਵੀ ਮਹਿਲਾ ਉਮੀਦਵਾਰ ਨਹੀਂ ਮਿਲੀ। ਬਾਜਵਾ ਨੇ ਕਿਹਾ ਕਿ ਪਹਿਲਾਂ ਝਾੜੂ ਪਾਰਟੀ ਨੇ ਰਾਜ ਸਭਾ ‘ਚ ਔਰਤਾਂ ਨੂੰ ਨੁਮਾਇੰਦਗੀ ਨਹੀਂ ਦਿਤੀ ਸੀ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ 2014 ਦੀਆਂ ਲੋਕ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਜ਼ਿਆਦਾਤਰ ਉਮੀਦਵਾਰਾਂ, ਆਗੂਆਂ ਅਤੇ ਇਥੋਂ ਤਕ ਕਿ ਸੰਸਦ ਮੈਂਬਰਾਂ ਨੂੰ ਵੀ ਗੁਆ ਦਿਤਾ ਹੈ। ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ, ਹਰਵਿੰਦਰ ਸਿੰਘ ਫੂਲਕਾ, ਡਾ. ਧਰਮਵੀਰ ਗਾਂਧੀ, ਭਾਈ ਬਲਦੀਪ ਸਿੰਘ, ਅਭਿਨੇਤਰੀ ਗੁਲ ਪਨਾਗ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ‘ਆਪ’ ਨਾਲ ਅਪਣੇ ਨਾਤਾ ਤੋੜ ਲਏ ਹਨ। ਬਾਜਵਾ ਨੇ ਕਿਹਾ ਕਿ ਸ਼ਾਇਦ ‘ਆਪ’ ਆਪਣੀ ਪਾਰਟੀ ‘ਚ ਸਮਝਦਾਰ ਆਵਾਜ਼ਾਂ ਦੀ ਮੌਜੂਦਗੀ ਦੀ ਕਦਰ ਨਹੀਂ ਕਰਦੀ।
