ਦਿੱਲੀ ‘ਚ ਪਾਣੀ ਦੀ ਕਿੱਲਤ ਅਜੇ ਖਤਮ ਨਹੀਂ ਹੋਈ ਹੈ। ਦਿੱਲੀ ਦੀ ਪਿਆਸ ਬੁਝਾਉਣ ਲਈ ਕੇਜਰੀਵਾਲ ਸਰਕਾਰ ਦੀ ਮੰਤਰੀ ਆਤਿਸ਼ੀ ਭੁੱਖ ਹੜਤਾਲ ‘ਤੇ ਬੈਠੀ ਹੈ। ਭੁੱਖ ਹੜਤਾਲ ਦੇ ਚੌਥੇ ਦਿਨ ਡਾਕਟਰਾਂ ਨੇ ਆਤਿਸ਼ੀ ਦਾ ਮੈਡੀਕਲ ਚੈਕਅੱਪ ਕੀਤਾ ਹੈ। ਇਸ ਚੈਕਅੱਪ ਤੋਂ ਬਾਅਦ ਆਤਿਸ਼ੀ ਦਾ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਡਾਕਟਰਾਂ ਨੇ ਕਿਹਾ ਕਿ ਆਤਿਸ਼ੀ ਨੂੰ ਹਸਪਤਾਲ ‘ਚ ਦਾਖਲ ਕਰਵਾਉਣ ਦੀ ਲੋੜ ਹੈ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੈ।
ਆਤਿਸ਼ੀ ਦੀ ਡਾਕਟਰੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦਾ ਬਲੱਡ ਪ੍ਰੈਸ਼ਰ 110/70 ਅਤੇ ਭਾਰ 63.6 ਕਿਲੋ ਹੈ। ਡਾਕਟਰਾਂ ਨੇ ਦੱਸਿਆ ਕਿ ਜਦੋਂ ਆਤਿਸ਼ੀ ਭੁੱਖ ਹੜਤਾਲ ‘ਤੇ ਬੈਠੀ ਸੀ ਤਾਂ ਉਸ ਦਾ ਭਾਰ 65.8 ਕਿਲੋ ਸੀ ,ਜੋ ਅੱਜ 63.6 ਕਿਲੋ ਹੈ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ। ਉਸਦਾ ਆਰਵੀਐਸ ਵੀ ਲਗਾਤਾਰ ਘਟ ਰਿਹਾ ਹੈ। ਉਸ ਦਾ ਬੀਪੀ ਵੀ ਕਾਫੀ ਘੱਟ ਗਿਆ ਹੈ। ਆਤਿਸ਼ੀ ਦਾ ਕੀਟੋਨ ਲੈਵਲ ਵੀ ਵਧ ਗਿਆ ਹੈ।
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਦਾ ਡਾਕਟਰੀ ਮੁਆਇਨਾ ਲੋਕ ਨਾਇਕ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕੀਤਾ ਹੈ। ਡਾਕਟਰਾਂ ਨੇ ਦੱਸਿਆ ਕਿ ਆਤਿਸ਼ੀ ਨੂੰ ਹਸਪਤਾਲ ‘ਚ ਦਾਖਲ ਹੋਣ ਦੀ ਸਲਾਹ ਦਿੱਤੀ ਗਈ ਹੈ ਪਰ ਉਸ ਨੇ ਹਸਪਤਾਲ ‘ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਆਤਿਸ਼ੀ ਜੰਗਪੁਰਾ ਦੇ ਭੋਗਲ ‘ਚ ਭੁੱਖ ਹੜਤਾਲ ‘ਤੇ ਬੈਠੀ ਹੈ। ਆਤਿਸ਼ੀ ਦਾ ਕਹਿਣਾ ਹੈ ਕਿ ਜਦੋਂ ਤੱਕ ਦਿੱਲੀ ‘ਚ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਉਹ ਮਰਨ ਵਰਤ ‘ਤੇ ਰਹੇਗੀ। ਇੱਥੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਰਾਸ਼ਟਰੀ ਰਾਜਧਾਨੀ ਵਿੱਚ ਪਾਣੀ ਦੇ ਸੰਕਟ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਅਪੀਲ ਕੀਤੀ ਹੈ। ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਦੀ ਮੰਤਰੀ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਹੈ ਅਤੇ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ।