ਬੇਤੀਆ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਆਗੂ ਅਪਣੇ ਘੁਸਪੈਠੀਏ ਵੋਟ ਬੈਂਕ ਦੇ ਡਰੋਂ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ ਸਨ।
ਬਿਹਾਰ ਦੇ ਬੇਤੀਆ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਕਾਂਗਰਸ ਅਤੇ ਆਰ.ਜੇ.ਡੀ. ਸ਼ੁਰੂ ਤੋਂ ਹੀ ਅਯੁੱਧਿਆ ’ਚ ਰਾਮ ਮੰਦਰ ਦੇ ਨਿਰਮਾਣ ਦੇ ਵਿਰੁਧ ਸਨ। ਉਨ੍ਹਾਂ ਨੂੰ ਸਮਾਰੋਹ ਲਈ ਸੱਦਾ ਦਿਤਾ ਗਿਆ ਸੀ ਪਰ ਉਹ ਅਪਣੇ ‘ਘੁਸਪੈਠੀਏ’ ਵੋਟ ਬੈਂਕ ਦੇ ਡਰੋਂ ਸਮਾਰੋਹ ’ਚ ਨਹੀਂ ਆਏ।’’ ਸ਼ਾਹ ਨੇ ਕਾਂਗਰਸ ਅਤੇ ਆਰ.ਜੇ.ਡੀ. ਨੇਤਾਵਾਂ ’ਤੇ ਡਰ ਜਤਾਇਆ ਕਿ ਸਮਾਗਮ ’ਚ ਸ਼ਾਮਲ ਹੋਣ ਨਾਲ ਉਨ੍ਹਾਂ ਦਾ ‘ਵੋਟ ਬੈਂਕ’ ਖਰਾਬ ਹੋ ਜਾਵੇਗਾ।
ਉਨ੍ਹਾਂ ਨੇ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਬਾਰੇ ਬਿਆਨ ਦੇਣ ਲਈ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ, ‘‘ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਅਤੇ ਉਨ੍ਹਾਂ ਦੇ ਸਹਿਯੋਗੀ ਫਾਰੂਕ ਅਬਦੁੱਲਾ ਕਹਿੰਦੇ ਹਨ ਕਿ ਪਾਕਿਸਤਾਨ ਕੋਲ ਪ੍ਰਮਾਣੂ ਬੰਬ ਹੈ, ਇਸ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਬਾਰੇ ਗੱਲ ਨਾ ਕਰੋ। ਅਸੀਂ ਭਾਜਪਾ ਵਰਕਰ ਐਟਮ ਬੰਬਾਂ ਤੋਂ ਨਹੀਂ ਡਰਦੇ। ਮੋਦੀ ਦੀ ਗਾਰੰਟੀ ਹੈ ਕਿ ਪੀਓਕੇ ਭਾਰਤ ਦਾ ਹੈ ਅਤੇ ਹਮੇਸ਼ਾ ਰਹੇਗਾ।’’
ਸ਼ਾਹ ਨੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ’ਤੇ ਕਾਂਗਰਸ ਨਾਲ ਹੱਥ ਮਿਲਾਉਣ ਦਾ ਵੀ ਦੋਸ਼ ਲਾਇਆ, ਜਿਸ ਨੇ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਸਿਰਫ ਲਾਲੂ ਦੇ ਬੇਟੇ ਤੇਜਸਵੀ ਯਾਦਵ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਉਣ ਲਈ ਕੀਤਾ ਗਿਆ ਸੀ।
ਉਨ੍ਹਾਂ ਨੇ ਪਿਛੜੇ ਵਰਗਾਂ ਦਾ ਸਤਿਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਜਤਾਇਆ ਕਿ ਬਿਹਾਰ ’ਚ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਦੀ ਜਿੱਤ ਹੋਵੇਗੀ। ਪਛਮੀ ਚੰਪਾਰਨ, ਵਾਲਮੀਕਿ ਨਗਰ, ਪੂਰਬੀ ਚੰਪਾਰਨ, ਸ਼ਿਓਹਰ, ਵੈਸ਼ਾਲੀ, ਗੋਪਾਲਗੰਜ, ਸੀਵਾਨ ਅਤੇ ਮਹਾਰਾਜਗੰਜ ’ਚ 25 ਮਈ ਨੂੰ ਵੋਟਾਂ ਪੈਣਗੀਆਂ।