ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ (ਆਪ) ਨੂੰ ਕੁਚਲਣ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਭਾਜਪਾ ‘ਆਪ’ ਨੂੰ ਚੁਨੌਤੀ ਵਜੋਂ ਦੇਖਦੀ ਹੈ।
ਭਾਜਪਾ ਹੈੱਡਕੁਆਰਟਰ ’ਤੇ ‘ਆਪ’ ਦੇ ਪ੍ਰਸਤਾਵਿਤ ਰੋਸ ਮਾਰਚ ਤੋਂ ਪਹਿਲਾਂ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਗੇ ਵੱਡੀਆਂ ਚੁਨੌਤੀਆਂ ਹੋਣਗੀਆਂ। ਉਨ੍ਹਾਂ ਵਰਕਰਾਂ ਨੂੰ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਦੋਂ ਤਕ ਮਾਰਚ ਕਰਨਗੇ ਜਦੋਂ ਤਕ ਉਨ੍ਹਾਂ ਨੂੰ ਇਜਾਜ਼ਤ ਹੈ ਅਤੇ ਅੱਧੇ ਘੰਟੇ ਤਕ ਉੱਥੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਹ ਭਗਵੀਂ ਪਾਰਟੀ ਦੀ ਹਾਰ ਹੋਵੇਗੀ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ, ਰਾਘਵ ਚੱਢਾ, ਦਿੱਲੀ ਦੇ ਮੰਤਰੀ ਗੋਪਾਲ ਰਾਏ ਅਤੇ ਆਤਿਸ਼ੀ, ਪਾਰਟੀ ਵਿਧਾਇਕ ਅਤੇ ਵਰਕਰ ਮੌਜੂਦ ਸਨ। ਰਾਘਵ ਚੱਢਾ ਪਿਛਲੇ ਦਿਨੀਂ ਲੰਡਨ ਤੋਂ ਅੱਖ ਦਾ ਆਪਰੇਸ਼ਨ ਕਰਵਾ ਕੇ ਪਰਤੇ ਸਨ।
ਦੁਪਹਿਰ ਕਰੀਬ 1 ਵਜੇ ‘ਆਪ’ ਦੇ ਸਾਰੇ ਨੇਤਾ ਭਾਜਪਾ ਦੇ ਮੁੱਖ ਦਫ਼ਤਰ ਵਲ ਵਧੇ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਡੀ.ਡੀ.ਯੂ. ਮਾਰਗ ਰੈੱਡ ਲਾਈਟ ਨੇੜੇ ਜ਼ਮੀਨ ’ਤੇ ਬੈਠ ਗਏ ਅਤੇ ‘ਤਾਨਾਸ਼ਾਹੀ ਨਹੀਂ ਚਲੇਗੀ, ਮੋਦੀ’, ‘ਮੋਦੀ-ਸ਼ਾਹ ਮੁਰਦਾਬਾਦ’ ਅਤੇ ‘ਕੇਜਰੀਵਾਲ ਜ਼ਿੰਦਾਬਾਦ’ ਵਰਗੇ ਨਾਅਰੇ ਲਗਾਏ। 30 ਮਿੰਟ ਬਾਅਦ ਪ੍ਰਦਰਸ਼ਨਕਾਰੀ ਖਿੰਡ ਗਏ ਕਿਉਂਕਿ ਕੇਜਰੀਵਾਲ ਨੇ ਉਨ੍ਹਾਂ ਨੂੰ 30 ਮਿੰਟ ਲਈ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦੀ ਹਦਾਇਤ ਦਿਤੀ ਸੀ।
ਇਸ ਤੋਂ ਪਹਿਲਾਂ ਅਪਣੇ ਸੰਬੋਧਨ ’ਚ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਆਪ’ ਦੀ ਵਧਦੀ ਪ੍ਰਸਿੱਧੀ ਤੋਂ ਚਿੰਤਤ ਹਨ। ਪਾਰਟੀ ਬਹੁਤ ਤੇਜ਼ੀ ਨਾਲ ਅੱਗੇ ਵਧੀ ਹੈ। ਉਨ੍ਹਾਂ ਨੇ ਪਾਰਟੀ ਨੂੰ ਕੁਚਲਣ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੋਇਆ ਹੈ। ਆਉਣ ਵਾਲੇ ਸਮੇਂ ’ਚ, ਸਾਡੇ ਬੈਂਕ ਖਾਤਿਆਂ ਤੋਂ ਲੈਣ-ਦੇਣ ਫ?ਰੀਜ਼ ਕਰ ਦਿਤਾ ਜਾਵੇਗਾ, ਸਾਡਾ ਦਫਤਰ ਖੋਹ ਲਿਆ ਜਾਵੇਗਾ ਅਤੇ ਅਸੀਂ ਸੜਕਾਂ ’ਤੇ ਹੋਵਾਂਗੇ।’’
ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਕਿਹਾ, ‘‘ਸਾਡੇ ਸਾਹਮਣੇ ਵੱਡੀਆਂ ਚੁਨੌਤੀਆਂ ਹੋਣਗੀਆਂ। ਕਿਰਪਾ ਕਰ ਕੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਇਕ ਗੱਲ ਯਾਦ ਰੱਖੋ ਕਿ ਅਸੀਂ ਅਤੀਤ ’ਚ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ ਸੀ। ਸਾਡੇ ਕੋਲ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ ਹੈ।’’
ਆਬਕਾਰੀ ਨੀਤੀ ਮਾਮਲੇ ’ਚ ਅੰਤਰਿਮ ਜ਼ਮਾਨਤ ’ਤੇ ਬਾਹਰ ਆਏ ਕੇਜਰੀਵਾਲ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਉਹ ‘ਆਪ’ ਦੇ ਹੋਰ ਨੇਤਾਵਾਂ ਨਾਲ 19 ਮਈ ਨੂੰ ਭਾਜਪਾ ਹੈੱਡਕੁਆਰਟਰ ਜਾਣਗੇ ਤਾਂ ਜੋ ਪ੍ਰਧਾਨ ਮੰਤਰੀ ਜਿਸ ਨੂੰ ਵੀ ਜੇਲ੍ਹ ਭੇਜਣਾ ਚਾਹੁੰਦੇ ਹਨ, ਉਸ ਨੂੰ ਭੇਜ ਸਕਣ।
ਕੇਜਰੀਵਾਲ ਨੇ ਕਿਹਾ, ‘‘ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਭਾਜਪਾ ਹੈੱਡਕੁਆਰਟਰ ਵਲ ਮਾਰਚ ਕਰਾਂਗੇ ਅਤੇ ਜੇਕਰ ਪੁਲਿਸ ਸਾਨੂੰ ਰੋਕਦੀ ਹੈ ਤਾਂ ਅਸੀਂ ਉੱਥੇ ਬੈਠਾਂਗੇ। ਅਸੀਂ ਅੱਧਾ ਘੰਟਾ ਇੰਤਜ਼ਾਰ ਕਰਾਂਗੇ ਅਤੇ ਦੇਖਾਂਗੇ ਕਿ ਕੀ ਉਹ ਸਾਨੂੰ ਗ੍ਰਿਫਤਾਰ ਕਰਦੇ ਹਨ। ਜੇਕਰ ਉਨ੍ਹਾਂ ਨੇ ਸਾਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਇਹ ਉਨ੍ਹਾਂ ਦੀ ਹਾਰ ਹੋਵੇਗੀ। ਤੁਸੀਂ ਸਾਨੂੰ ਸਾਰਿਆਂ ਨੂੰ ਜੇਲ੍ਹ ਭੇਜ ਸਕਦੇ ਹੋ ਅਤੇ ਅਪਣੇ ਆਪ ਵੇਖ ਸਕਦੇ ਹੋ ਕਿ ਪਾਰਟੀ ਖਤਮ ਹੁੰਦੀ ਹੈ ਜਾਂ ਅੱਗੇ ਵਧਦੀ ਹੈ।’’ ਤਿਹਾੜ ਜੇਲ੍ਹ ’ਚ ਅਪਣੇ ਸਮੇਂ ਨੂੰ ਯਾਦ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਭਗਵਦ ਗੀਤਾ ਦੋ ਵਾਰ ਅਤੇ ਰਾਮਾਇਣ ਇਕ ਵਾਰ ਪੜ੍ਹੀ ਸੀ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਆਗੂ ਵੀ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਸੀ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਸਾਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ ਤਾਂ ਤੁਸੀਂ ਵਿਰੋਧ ਪ੍ਰਦਰਸ਼ਨ ਕਰਨ ਆਓ।’’
‘ਆਪ’ ਦੇ ਮਾਰਚ ਤੋਂ ਪਹਿਲਾਂ ਦਿੱਲੀ ’ਚ ਸੁਰੱਖਿਆ ਸਖ਼ਤ
ਮੁੱਖ ਮੰਤਰੀ ਕੇਜਰੀਵਾਲ ਦੇ ਭਾਜਪਾ ਹੈੱਡਕੁਆਰਟਰ ’ਤੇ ਰੋਸ ਮਾਰਚ ਕੱਢਣ ਦੇ ਸੱਦੇ ਤੋਂ ਪਹਿਲਾਂ ਦਿੱਲੀ ਮੈਟਰੋ ਨੇ ਆਈ.ਟੀ.ਓ. ਮੈਟਰੋ ਸਟੇਸ਼ਨ ’ਤੇ ਦਾਖ਼ਲਾ ਅਤੇ ਬਾਹਰ ਨਿਕਲਣਾ ਬੰਦ ਕਰ ਦਿਤਾ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਨੇੜੇ ਸੀ.ਆਰ.ਪੀ.ਸੀ. ਦੀ ਧਾਰਾ 144 ਲਾਗੂ ਕਰ ਦਿਤੀ ਅਤੇ ਪਾਣੀ ਦੀਆਂ ਤੋਪਾਂ ਅਤੇ ਨੀਮ ਫ਼ੌਜੀ ਦਸਤਿਆਂ ਸਮੇਤ ਭਾਰੀ ਫੋਰਸ ਤਾਇਨਾਤ ਕੀਤੀ ਕਿਉਂਕਿ ਆਮ ਆਦਮੀ ਪਾਰਟੀ (ਆਪ) ਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮੰਗੀ ਸੀ।
ਦਿੱਲੀ ਟਰੈਫਿਕ ਪੁਲਿਸ ਨੇ ‘ਐਕਸ’ ’ਤੇ ਇਕ ਸਲਾਹ ਵੀ ਜਾਰੀ ਕੀਤੀ, ‘‘ਡੀ.ਡੀ.ਯੂ. ਮਾਰਗ ਦਿੱਲੀ ਵਿਖੇ ਇਕ ਸਿਆਸੀ ਪਾਰਟੀ ਦੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ, ਡੀ.ਡੀ.ਯੂ. ਮਾਰਗ, ਆਈ.ਪੀ. ਮਾਰਗ, ਮਿੰਟੋ ਰੋਡ ਅਤੇ ਵਿਕਾਸ ਮਾਰਗ ’ਤੇ ਆਵਾਜਾਈ ਭਾਰੀ ਰਹੇਗੀ। ਕਿਰਪਾ ਕਰ ਕੇ ਇਨ੍ਹਾਂ ਸੜਕਾਂ ਤੋਂ ਪਰਹੇਜ਼ ਕਰੋ ਅਤੇ ਉਸ ਅਨੁਸਾਰ ਅਪਣੀ ਯਾਤਰਾ ਦੀ ਯੋਜਨਾ ਬਣਾਓ।’’
‘ਆਪ’ ਆਗੂਆਂ ਨੇ ਕਦੇ ਨਿਰਭੈ ਲਈ ਇਨਸਾਫ ਦੀ ਮੰਗ ਕੀਤੀ ਸੀ, ਪਰ ਅੱਜ ਇਕ ਮੁਲਜ਼ਮ ਦਾ ਸਮਰਥਨ ਕਰ ਰਹੇ ਹਨ : ਮਾਲੀਵਾਲ
ਕਿਹਾ, ਕਾਸ਼ ਉਨ੍ਹਾਂ ਏਨਾ ਜ਼ੋਰ ਮਨੀਸ਼ ਸਿਸੋਦੀਆ ਜੀ ਨੂੰ ਬਚਾਉਣ ਲਈ ਲਾਇਆ ਹੁੰਦਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਕਦੇ ਨਿਰਭੈ ਲਈ ਇਨਸਾਫ ਦੀ ਮੰਗ ਕੀਤੀ ਸੀ ਪਰ ਅੱਜ ਉਹ ਉਸ ਵਿਅਕਤੀ ਦਾ ਸਮਰਥਨ ਕਰ ਰਹੇ ਹਨ, ਜਿਸ ਨੇ ਉਸ ’ਤੇ ਹਮਲਾ ਕੀਤਾ ਸੀ। ਆਮ ਆਦਮੀ ਪਾਰਟੀ ਨੇ ਮਾਲੀਵਾਲ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ’ਚ ਫਸਾਉਣ ਦੀ ਸਾਜ਼ਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।
ਮਾਲੀਵਾਲ ਨੇ ਕਿਹਾ, ‘‘ਜੇਕਰ ‘ਆਪ’ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਇੱਥੇ ਹੁੰਦੇ ਤਾਂ ਸ਼ਾਇਦ ਮੇਰੇ ਲਈ ਹਾਲਾਤ ਇੰਨੇ ਮਾੜੇ ਨਾ ਹੁੰਦੇ।’’ ਸਿਸੋਦੀਆ ਇਸ ਸਮੇਂ ਆਬਕਾਰੀ ਨੀਤੀ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਹਨ। ਮਾਲੀਵਾਲ ਨੇ ਐਤਵਾਰ ਨੂੰ ਕਿਹਾ, ‘‘ਇਕ ਸਮਾਂ ਸੀ ਜਦੋਂ ਅਸੀਂ ਸਾਰੇ ਨਿਰਭਯਾ ਨੂੰ ਇਨਸਾਫ ਦਿਵਾਉਣ ਲਈ ਸੜਕ ’ਤੇ ਉਤਰੇ ਸੀ, ਅੱਜ 12 ਸਾਲਾਂ ਬਾਅਦ ਅਸੀਂ ਸੀ.ਸੀ.ਟੀ.ਵੀ. ਫੁਟੇਜ ਗਾਇਬ ਕਰਨ ਅਤੇ ਫੋਨ ਤੋਂ ਸੱਭ ਕੁੱਝ ਹਟਾਉਣ ਵਾਲੇ ਮੁਲਜ਼ਮ ਨੂੰ ਬਚਾਉਣ ਲਈ ਸੜਕ ’ਤੇ ਉਤਰੇ ਹਾਂ, ਕਾਸ਼ ਉਨ੍ਹਾਂ ਏਨਾ ਜ਼ੋਰ ਮਨੀਸ਼ ਸਿਸੋਦੀਆ ਜੀ ਲਈ ਲਾਇਆ ਹੁੰਦਾ। ਜੇ ਉਹ ਇੱਥੇ ਹੁੰਦੇ, ਤਾਂ ਸ਼ਾਇਦ ਇਹ ਮੇਰੇ ਨਾਲ ਇੰਨਾ ਬੁਰਾ ਨਾ ਹੁੰਦਾ!’’
ਮਾਲੀਵਾਲ 10 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਥਾਪਨਾ ਤੋਂ ਹੀ ਇਸ ਨਾਲ ਜੁੜੀ ਹੋਈ ਹੈ। ਪੁਲਿਸ ਨੇ ਸਨਿਚਰਵਾਰ ਨੂੰ ਇਸ ਮਾਮਲੇ ’ਚ ਬਿਭਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ।
ਕੇਜਰੀਵਾਲ ਨੂੰ ਡਰਾਮਾ ਬੰਦ ਕਰ ਕੇ ਮਾਲੀਵਾਲ ਹਮਲੇ ਮਾਮਲੇ ’ਤੇ ਚੁੱਪ ਤੋੜਨੀ ਚਾਹੀਦੀ ਹੈ : ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪਣੇ ਸਾਥੀ ਬਿਭਵ ਕੁਮਾਰ ਵਲੋਂ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ’ਤੇ ਡਰਾਮਾ ਬੰਦ ਕਰਨਾ ਚਾਹੀਦਾ ਹੈ ਅਤੇ ਅਪਣੀ ਚੁੱਪੀ ਤੋੜਨੀ ਚਾਹੀਦੀ ਹੈ। ਇਹ ਪ੍ਰਤੀਕਿਰਿਆ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਵਲੋਂ ਇਸ ਮਾਮਲੇ ਦੇ ਸਬੰਧ ’ਚ ਕੁਮਾਰ ਦੀ ਗ੍ਰਿਫਤਾਰੀ ਦੇ ਵਿਰੁਧ ਭਾਜਪਾ ਦਫ਼ਤਰਾਂ ਦੇ ਨੇੜੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਆਈ ਹੈ।
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕੇਜਰੀਵਾਲ ਨੂੰ ਡਰਾਮੇ ਦਾ ਸਹਾਰਾ ਲੈਣ ਦੀ ਬਜਾਏ ਅਪਣੀ ਚੁੱਪੀ ਤੋੜਨੀ ਚਾਹੀਦੀ ਹੈ ਅਤੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਭਾਜਪਾ ਨੇਤਾ ਨੇ ਕੇਜਰੀਵਾਲ ਨੂੰ ਪੁਛਿਆ ਕਿ ਕੀ ਉਨ੍ਹਾਂ ਨੇ ਕਥਿਤ ਹਮਲੇ ਦਾ ਹੁਕਮ ਦਿਤਾ ਸੀ ਅਤੇ ਬਿਭਵ ਕੁਮਾਰ ਨੂੰ ਬਚਾਇਆ ਸੀ ਕਿਉਂਕਿ ਉਹ ਅਪਣੇ ‘ਡੂੰਘੇ ਭੇਤ’ ਜਾਣਦੇ ਸਨ।