ਸੁਪਰੀਮ ਕੋਰਟ ਅੱਜ ਇਸ ਸਵਾਲ ਦੀ ਜਾਂਚ ਕਰਨ ਲਈ ਸਹਿਮਤ ਹੋ ਗਿਆ ਕਿ ਕੀ ਕਿਸੇ ਔਰਤ ’ਤੇ ਬਲਾਤਕਾਰ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਇਕ ਬਜ਼ੁਰਗ ਔਰਤ ਨੇ ਬਲਾਤਕਾਰ ਦੇ ਇਕ ਮਾਮਲੇ ’ਚ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਦਾ ਬੇਟਾ ਵੀ ਇਸ ਮਾਮਲੇ ’ਚ ਦੋਸ਼ੀ ਹੈ।
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ 61 ਸਾਲ ਦੀ ਔਰਤ ਵਲੋਂ ਦਾਇਰ ਪਟੀਸ਼ਨ ’ਤੇ ਜਵਾਬ ਦੇਣ ਲਈ ਕਿਹਾ ਹੈ, ਜਿਸ ਨੂੰ ਉਸ ਦੀ ਨੂੰਹ ਵਲੋਂ ਦਰਜ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਇਸ ਮੁੱਦੇ ਦੀ ਸਮੀਖਿਆ ਕਰਨ ਲਈ ਸਹਿਮਤ ਹੁੰਦੇ ਹੋਏ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਨੇ ਔਰਤ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦਿਤੀ ਅਤੇ ਉਸ ਨੂੰ ਜਾਂਚ ਵਿਚ ਸਹਿਯੋਗ ਕਰਨ ਦਾ ਹੁਕਮ ਦਿਤਾ।
ਬੈਂਚ ਨੇ ਕਿਹਾ, ‘‘ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਸ ਦਾ ਜਵਾਬ ਚਾਰ ਹਫ਼ਤਿਆਂ ’ਚ ਦਿਤਾ ਜਾਣਾ ਚਾਹੀਦਾ ਹੈ। ਇਸ ਦੌਰਾਨ, ਪਟੀਸ਼ਨਕਰਤਾ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦਿਤੀ ਜਾਂਦੀ ਹੈ। ਪਰ ਉਨ੍ਹਾਂ ਤੋਂ ਅਪਰਾਧ ਦੀ ਜਾਂਚ ’ਚ ਸਹਿਯੋਗ ਕਰਨ ਦੀ ਉਮੀਦ ਕੀਤੀ ਜਾਂਦੀ ਹੈ।’’
ਸੁਣਵਾਈ ਦੀ ਸ਼ੁਰੂਆਤ ’ਚ ਬਜ਼ੁਰਗ ਔਰਤ ਵਲੋਂ ਪੇਸ਼ ਹੋਏ ਵਕੀਲ ਰਿਸ਼ੀ ਮਲਹੋਤਰਾ ਨੇ ਦਲੀਲ ਦਿਤੀ ਕਿ ਭਾਰਤੀ ਦੰਡਾਵਲੀ ਦੀ ਧਾਰਾ 376 (2) (ਐਨ) (ਵਾਰ-ਵਾਰ ਬਲਾਤਕਾਰ) ਦੇ ਦੋਸ਼ਾਂ ਨੂੰ ਛੱਡ ਕੇ ਐਫ.ਆਈ.ਆਰ. ਦੀਆਂ ਹੋਰ ਸਾਰੀਆਂ ਦੰਡਾਵਲੀ ਧਾਰਾਵਾਂ ਜ਼ਮਾਨਤੀ ਹਨ। ਇਸ ਧਾਰਾ ਤਹਿਤ ਅਪਰਾਧ ’ਚ ਇਕ ਮਿਆਦ ਲਈ ਕੈਦ ਦੀ ਵਿਵਸਥਾ ਹੈ ਜੋ ਘੱਟੋ ਘੱਟ 10 ਸਾਲ ਤੋਂ ਘੱਟ ਨਹੀਂ ਹੋਵੇਗੀ ਅਤੇ ਉਮਰ ਕੈਦ ਤਕ ਵਧ ਸਕਦੀ ਹੈ।
ਮਲਹੋਤਰਾ ਨੇ ਸੁਪਰੀਮ ਕੋਰਟ ਦੇ ਇਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਔਰਤ ’ਤੇ ਬਲਾਤਕਾਰ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਕੇਸ ਅਨੁਸਾਰ, ਸ਼ਿਕਾਇਤਕਰਤਾ ਸ਼ੁਰੂ ’ਚ ਔਰਤ ਦੇ ਵੱਡੇ ਬੇਟੇ ਦੇ ਸੰਪਰਕ ’ਚ ਸੀ, ਜੋ ਅਮਰੀਕਾ ’ਚ ਰਹਿੰਦਾ ਹੈ, ਪਰ ਉਹ ਕਦੇ ਵੀ ਨਿੱਜੀ ਤੌਰ ’ਤੇ ਨਹੀਂ ਮਿਲੇ। ਬਜ਼ੁਰਗ ਔਰਤ ਦੇ ਪਤੀ ਦੀ ਮੌਤ ਹੋ ਗਈ ਹੈ।
ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਵਰਚੁਅਲ ਤਰੀਕੇ ਨਾਲ ਕੀਤੇ ਇਕ ਵਿਆਹ ’ਚ ਔਰਤ ਦੇ ਬੇਟੇ ਨਾਲ ਵਿਆਹ ਕਰਵਾ ਲਿਆ ਅਤੇ ਇਸ ਤੋਂ ਬਾਅਦ ਔਰਤ ਨਾਲ ਰਹਿਣਾ ਸ਼ੁਰੂ ਕਰ ਦਿਤਾ।
ਬਾਅਦ ’ਚ ਔਰਤ ਦਾ ਛੋਟਾ ਬੇਟਾ ਪੁਰਤਗਾਲ ਤੋਂ ਉਨ੍ਹਾਂ ਨੂੰ ਮਿਲਣ ਆਇਆ। ਔਰਤ ਨੇ ਦਾਅਵਾ ਕੀਤਾ ਕਿ ਉਸ ਦੇ ਛੋਟੇ ਬੇਟੇ ਦੇ ਆਉਣ ਤੋਂ ਬਾਅਦ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨੇ ਉਸ ’ਤੇ ਦਬਾਅ ਪਾਇਆ ਕਿ ਉਹ ਉਸ ਦੇ ਵੱਡੇ ਬੇਟੇ ਨਾਲ ਵਿਆਹ ਖਤਮ ਕਰ ਦੇਵੇ। ਜਦੋਂ ਛੋਟਾ ਬੇਟਾ ਪੁਰਤਗਾਲ ਜਾਣ ਵਾਲਾ ਸੀ ਤਾਂ ਸ਼ਿਕਾਇਤਕਰਤਾ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਉਸ ਨੂੰ ਵੀ ਅਪਣੇ ਨਾਲ ਲੈ ਜਾਵੇ ਪਰ ਉਹ ਇਕੱਲਾ ਚਲਾ ਗਿਆ।
ਐਫ.ਆਈ.ਆਰ. ਅਨੁਸਾਰ, ਜਦੋਂ ਦੋਹਾਂ ਪਰਿਵਾਰਾਂ ਵਿਚਾਲੇ ਤਣਾਅ ਵਧਿਆ ਤਾਂ ਸਮਝੌਤਾ ਹੋ ਗਿਆ ਅਤੇ ਔਰਤ ਨੇ ਸ਼ਿਕਾਇਤਕਰਤਾ ਨੂੰ ਅਪਣੇ ਵੱਡੇ ਬੇਟੇ ਨਾਲ ਵਿਆਹ ਕਰਵਾਉਣ ਲਈ 11 ਲੱਖ ਰੁਪਏ ਦਿਤੇ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਸਥਾਨਕ ਪੁਲਿਸ ਕੋਲ ਪਹੁੰਚ ਕੀਤੀ ਅਤੇ ਬਜ਼ੁਰਗ ਔਰਤ ਅਤੇ ਉਸ ਦੇ ਛੋਟੇ ਬੇਟੇ ਵਿਰੁਧ ਬਲਾਤਕਾਰ ਅਤੇ ਹੋਰ ਅਪਰਾਧਾਂ ਦਾ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ. ਦਰਜ ਕਰਵਾਈ।