Chandigarh Mayor Elections: ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਸ਼ੁਕਰਵਾਰ ਨੂੰ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ।ਸੁਪਰੀਮ ਕੋਰਟ ਨੇ ਫ਼ਰਵਰੀ ’ਚ ਚੰਡੀਗੜ੍ਹ ਮੇਅਰ ਦੀ ਚੋਣ ਦੇ ਨਤੀਜਿਆਂ ਨੂੰ ਪਲਟ ਦਿਤਾ ਸੀ। ਸੁਪਰੀਮ ਕੋਰਟ ਨੇ ਮਸੀਹ ਨੂੰ ਫਟਕਾਰ ਲਗਾਈ ਸੀ ਅਤੇ ਹੁਕਮ ਦਿਤਾ ਸੀ ਕਿ ਵੋਟਾਂ ਦੀ ਗਿਣਤੀ ਦੌਰਾਨ ਗੰਭੀਰ ਦੁਰਵਿਵਹਾਰ ਲਈ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਵੇ। ਮਸੀਹ ਨੇ ਕਿਹਾ ਕਿ ਉਹ ਪਹਿਲਾਂ ਦਿਤੇ ਹਲਫਨਾਮੇ ਨੂੰ ਵਾਪਸ ਲੈ ਲੈਣਗੇ, ਜਿਸ ’ਚ ਕਿਹਾ ਗਿਆ ਸੀ ਕਿ ਉਹ ਤਣਾਅ ਅਤੇ ਬੇਚੈਨੀ ਤੋਂ ਪੀੜਤ ਹਨ ਅਤੇ ਇਸ ’ਚ ਉਨ੍ਹਾਂ ਬੈਲਟ ਪੇਪਰ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਅਦਾਲਤ ਨੇ ਮਾਮਲੇ ਨੂੰ ਅੱਗੇ ਵਿਚਾਰ ਲਈ ਜੁਲਾਈ ਤਕ ਮੁਲਤਵੀ ਕਰ ਦਿਤਾ ਹੈ।
ਹਲਫ਼ਨਾਮੇ ’ਚ ਉਨ੍ਹਾਂ ਕਿਹਾ ਸੀ, ‘‘31 ਜਨਵਰੀ ਨੂੰ ਚੋਣ ਪ੍ਰਕਿਰਿਆ ਦੀ ਕਥਿਤ ਵੀਡੀਉ ਰੀਕਾਰਡਿੰਗ ਆਨਲਾਈਨ ਲੀਕ ਹੋ ਗਈ ਸੀ। ਇਸ ਤੋਂ ਬਾਅਦ, ਮਸੀਹ ਨੂੰ ਸੋਸ਼ਲ ਮੀਡੀਆ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਮੈਂਬਰਾਂ ਦੀ ਲਗਾਤਾਰ ਆਲੋਚਨਾ ਅਤੇ ਟਿਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ਨੇ ਬਚਾਅਕਰਤਾਵਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਬਹੁਤ ਮਾਨਸਿਕ ਤਣਾਅ ’ਚ ਪਾ ਦਿਤਾ।’’ ਉਨ੍ਹਾਂ ਕਿਹਾ ਕਿ ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਦੀ ਮਿਆਦ ਦੌਰਾਨ ਮੀਡੀਆ ਕਵਰੇਜ ਅਤੇ ਰੀਪੋਰਟਿੰਗ ਕਾਰਨ ਉਸ ਦੀ ‘ਨਿੱਜਤਾ ਅਤੇ ਮਾਨਸਿਕ ਸਿਹਤ ਦੀ ਉਲੰਘਣਾ’ ਹੋਈ ਸੀ।
ਸੁਪਰੀਮ ਕੋਰਟ ਨੇ ਫ਼ਰਵਰੀ ’ਚ ਚੰਡੀਗੜ੍ਹ ਮੇਅਰ ਦੀ ਚੋਣ ’ਚ ਆਮ ਆਦਮੀ ਪਾਰਟੀ-ਕਾਂਗਰਸ ਗੱਠਜੋੜ ਦੇ ਹਾਰੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਸ਼ਹਿਰ ਦਾ ਨਵਾਂ ਮੇਅਰ ਐਲਾਨਿਆ ਸੀ। ਅਦਾਲਤ ਨੇ 30 ਜਨਵਰੀ ਨੂੰ ਚੋਣ ਨਤੀਜਿਆਂ ਨੂੰ ਰੱਦ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਮਸੀਹ ਨੇ ਅੱਠ ਬੈਲਟ ਪੇਪਰਾਂ ਨੂੰ ਗੈਰ-ਕਾਨੂੰਨੀ ਕਰਾਰ ਦੇਣ ਲਈ ਨਿਸ਼ਾਨ ਲਗਾਏ ਸਨ।
ਮਸੀਹ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੂੰ ਦਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਰੋਹਤਗੀ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਪਹਿਲਾ ਹਲਫਨਾਮਾ ਵਾਪਸ ਲੈਣ ਦੀ ਸਲਾਹ ਦਿਤੀ ਹੈ।’’ ਕੁਮਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਮੁਆਫੀ ਮੰਗਣ ਦਾ ਵਿਰੋਧ ਕੀਤਾ। ਬੈਂਚ ਨੇ ਸੁਣਵਾਈ 23 ਜੁਲਾਈ ਤਕ ਮੁਲਤਵੀ ਕਰ ਦਿਤੀ ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਸੀਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁਛਿਆ ਸੀ ਕਿ ਅਦਾਲਤ ’ਚ ਕਥਿਤ ਤੌਰ ’ਤੇ ਝੂਠਾ ਬਿਆਨ ਦੇਣ ਲਈ ਉਸ ਵਿਰੁਧ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 340 ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਆਮ ਆਦਮੀ ਪਾਰਟੀ (ਆਪ) ਦੇ ਹਾਰੇ ਹੋਏ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਨੌਤੀ ਦਿਤੀ ਸੀ, ਜਿਸ ’ਚ ਪਾਰਟੀ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ।
