ਚੰਡੀਗੜ੍ਹ- ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਮ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਡਾ. ਸਤਨਾਮ ਸੰਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਸ ਮੌਕੇ ਡਾ. ਸਤਨਾਮ ਸਿੰਘ ਨੇ ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਕੀਤੀ। ਡਾ. ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਮੈਂ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਮੈਂ ਪੜ੍ਹਾਈ ਦੇ ਨਾਲ-ਨਾਲ ਖੁਦ ਖੇਤੀ ਕੀਤੀ ਹੈ। ਸ. ਸੰਧੂ ਨੇ ਦੱਸਿਆ ਕਿ ਘਰ ਵਿੱਚ ਗੁਜਾਰੇ ਲਈ ਪਸ਼ੂ ਪਾਲਣ ਕੀਤਾ ਹੋਇਆ ਸੀ। ਉਹ ਖੁਦ ਸਾਈਕਲ ਉਤੇ ਜਾ ਕੇ ਦੁੱਧ ਵੇਚਣ ਜਾਂਦੇ ਹੁੰਦੇ ਸਨ ਅਤੇ ਉਸ ਤੋਂ ਬਾਅਦ ਫਿਰ ਕਾਲਜ ਲਈ ਜਾਂਦੇ ਸਨ। ਡਾ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸ. ਡੋਂਗਰ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਫਾਊਂਡਰ ਮੈਂਬਰ ਸਨ। ਉਨ੍ਹਾਂ ਕਿਹਾ ਕਿ ਮੇਰੀ ਸਿੱਖਿਆ ਅਤੇ ਸਮਾਜ ਸੇਵਾ ਦੇ ਬਦਲੇ ਅੱਜ ਮੈਨੂੰ ਇੰਨਾ ਵੱਡਾ ਸਨਮਾਨ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੋਂ ਹਮੇਸ਼ਾ ਪ੍ਰਭਾਵਿਤ ਰਿਹਾ ਹਾਂ ਅਤੇ ਉਨ੍ਹਾਂ ਦੇ ਦੱਸੇ ਰਾਹ ਉਤੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਡਾ. ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਸਿੱਖਿਆ ਹੀ ਮੇਰਾ ਮੁੱਖ ਉਦੇਸ਼ ਹੈ, ਸਿੱਖਿਆ ਤੋਂ ਬਗੈਰ ਚੰਗੇ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ। ਮੈਂ ਅੱਗੇ ਵੀ ਸਿੱਖਿਆ ਦੇ ਖੇਤਰ ਉਤੇ ਕੰਮ ਕਰਦਾ ਰਹਾਂਗਾ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ (ਟਵਿੱਟਰ) ਉਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ -ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਜੀ ਨੇ ਸ਼੍ਰੀ ਸਤਨਾਮ ਸਿੰਘ ਸੰਧੂ ਜੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸਤਨਾਮ ਜੀ ਨੇ ਇੱਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਵਜੋਂ ਆਪਣੀ ਪਛਾਣ ਬਣਾਈ ਹੈ, ਜੋ ਵੱਖ-ਵੱਖ ਤਰੀਕਿਆਂ ਨਾਲ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਹਮੇਸ਼ਾ ਰਾਸ਼ਟਰੀ ਏਕਤਾ ਨੂੰ ਅੱਗੇ ਵਧਾਉਣ ਲਈ ਵਿਆਪਕ ਤੌਰ ‘ਤੇ ਕੰਮ ਕੀਤਾ ਹੈ ਅਤੇ ਭਾਰਤੀ ਡਾਇਸਪੋਰਾ ਨਾਲ ਵੀ ਕੰਮ ਕੀਤਾ ਹੈ। ਮੈਂ ਉਨ੍ਹਾਂ ਦੀ ਸੰਸਦੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਭਰੋਸਾ ਹੈ ਕਿ ਰਾਜ ਸਭਾ ਦੀ ਕਾਰਵਾਈ ਉਨ੍ਹਾਂ ਦੇ ਵਿਚਾਰਾਂ ਨਾਲ ਭਰਪੂਰ ਹੋਵੇਗੀ।