ਪੰਜਾਬ: ਪੰਜਾਬ ਸਰਕਾਰ ਨੇ ਸੰਘਣੀ ਧੁੰਦ ਤੇ ਠੰਢ ਕਰਕੇ ਸੂਬੇ ਦੇ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਜਨਵਰੀ 2024 ਤੋਂ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਤੇ ਸਹਾਇਤਾ ਪ੍ਰਾਪਤ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ।
ਸਮਾਂ ਤਬਦੀਲੀ ਦੇ ਇਹ ਹੁਕਮ 14 ਜਨਵਰੀ 2024 ਤੱਕ ਲਾਗੂ ਰਹਿਣਗੇ। ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਵੀ ਪਹਿਲੀ ਜਨਵਰੀ 2024 ਤੋਂ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 1 ਵਜੇ ਬੰਦ ਹੋਣਗੇ। ਠੰਢ ਵਧਣ ਕਰ ਕੇ ਸੂਬਾ ਸਰਕਾਰ ਨੇ ਸੇਵਾ ਕੇਂਦਰਾਂ ਦਾ ਸਮਾਂ ਵੀ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਕਰ ਦਿੱਤਾ ਹੈ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਕਿਹਾ, ਸੂਬੇ ਦੇ ਸਾਰੇ ਸਕੂਲ 1 ਜਨਵਰੀ ਨੂੰ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ। ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦਾ ਇਹ ਹੁਕਮ 14 ਜਨਵਰੀ, 2024 ਭਾਵ ਲੋਹੜੀ ਤੱਕ ਲਾਗੂ ਰਹੇਗਾ।