Dubai: ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕ ਅੰਕ ’ਚ ਭਾਰਤ ਇਸ ਸਾਲ ਸੱਤਵੇਂ ਸਥਾਨ ’ਤੇ ਹੈ, ਜੋ ਪਿਛਲੀ ਵਾਰ ਨਾਲੋਂ ਇਕ ਸਥਾਨ ਉੱਪਰ ਹੈ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ’ਚ ਸ਼ਾਮਲ ਹੈ। ਇੱਥੇ ਗਲੋਬਲ ਕਲਾਈਮੇਟ ਸਮਿਟ ਸੀ.ਓ.ਪੀ.28 ਦੌਰਾਨ ਸ਼ੁਕਰਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕ ਅੰਕ ਨੇ ਜਲਵਾਯੂ ਤਬਦੀਲੀ ਪ੍ਰਦਰਸ਼ਨ ਸੂਚਕ ਅੰਕ ਬਣਾਉਣ ਲਈ 63 ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦੇ ਜਲਵਾਯੂ ਘਟਾਉਣ ਦੀਆਂ ਕੋਸ਼ਿਸ਼ਾਂ ਦੀ ਨਿਗਰਾਨੀ ਕੀਤੀ, ਜੋ ਵਿਸ਼ਵ ਭਰ ’ਚ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦਾ 90 ਫ਼ੀ ਸਦੀ ਤੋਂ ਵੱਧ ਹੈ। ਸੂਚਕ ਅੰਕ ’ਚ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਅਤੇ ਊਰਜਾ ਦੀ ਵਰਤੋਂ ਦੀਆਂ ਸ਼੍ਰੇਣੀਆਂ ’ਚ ਭਾਰਤ ਦੀ ਉੱਚ ਰੈਂਕਿੰਗ ਹੈ, ਪਰ ਪਿਛਲੇ ਸਾਲ ਦੀ ਤਰ੍ਹਾਂ ਜਲਵਾਯੂ ਨੀਤੀ ਅਤੇ ਨਵਿਆਉਣਯੋਗ ਊਰਜਾ ’ਚ ਮੱਧਮ ਰੈਂਕਿੰਗ ਹੈ।
ਇੰਡੈਕਸ ’ਚ ਕਿਹਾ ਗਿਆ ਹੈ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਪਰ ਇੱਥੇ ਪ੍ਰਤੀ ਵਿਅਕਤੀ ਨਿਕਾਸ ਮੁਕਾਬਲਤਨ ਘੱਟ ਹੈ। ਰੀਪੋਰਟ ’ਚ ਕਿਹਾ ਗਿਆ, ‘‘ਸਾਡੇ ਅੰਕੜੇ ਦਰਸਾਉਂਦੇ ਹਨ ਕਿ ਪ੍ਰਤੀ ਵਿਅਕਤੀ ਗ੍ਰੀਨਹਾਉਸ ਗੈਸ ਸ਼੍ਰੇਣੀ ’ਚ ਦੇਸ਼ 2 ਡਿਗਰੀ ਸੈਲਸੀਅਸ ਤੋਂ ਹੇਠਾਂ ਦੇ ਮਿਆਰ ਨੂੰ ਪੂਰਾ ਕਰਨ ਦੇ ਰਾਹ ’ਤੇ ਹੈ। ਹਾਲਾਂਕਿ ਭਾਰਤ ’ਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ’ਚ ਥੋੜ੍ਹਾ ਸਕਾਰਾਤਮਕ ਰੁਝਾਨ ਹੈ, ਇਹ ਰੁਝਾਨ ਬਹੁਤ ਹੌਲੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ।’’
ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕ ਅੰਕ (ਸੀ.ਸੀ.ਪੀ.ਆਈ.) ਮਾਹਰਾਂ ਨੇ ਦਸਿਆ ਕਿ ਭਾਰਤ ਸਪੱਸ਼ਟ ਲੰਮੀ ਮਿਆਦ ਦੀਆਂ ਨੀਤੀਆਂ ਨਾਲ ਅਪਣੇ ਰਾਸ਼ਟਰੀ ਨਿਰਧਾਰਤ ਯੋਗਦਾਨ (ਐਨ.ਡੀ.ਸੀ.) ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਤ ਕਰਨ ਅਤੇ ਨਵਿਆਉਣਯੋਗ ਊਰਜਾ ਭਾਗਾਂ ਦੇ ਘਰੇਲੂ ਨਿਰਮਾਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ’ਤੇ ਕੇਂਦ੍ਰਤ ਹੈ।’’
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੇ ਬਾਵਜੂਦ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਅਜੇ ਵੀ ਤੇਲ ਅਤੇ ਗੈਸ ਦੇ ਨਾਲ-ਨਾਲ ਕੋਲੇ ’ਤੇ ਭਾਰੀ ਨਿਰਭਰਤਾ ਨਾਲ ਪੂਰੀਆਂ ਹੁੰਦੀਆਂ ਹਨ। ਰੀਪੋਰਟ ਅਨੁਸਾਰ, ‘‘ਇਹ ਨਿਰਭਰਤਾ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦਾ ਇਕ ਵੱਡਾ ਸਰੋਤ ਹੈ ਅਤੇ ਗੰਭੀਰ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ, ਖ਼ਾਸਕਰ ਸ਼ਹਿਰਾਂ ’ਚ।’’