ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ। ਉਹ ਆਪਣੇ ਕਾਫਲੇ ਨਾਲ ਹਸਪਤਾਲ ਤੋਂ ਆਪਣੇ ਘਰ ਪਹੁੰਚ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੁਣ ਬਿਲਕੁਲ ਠੀਕ ਹੈ। ਹਸਪਤਾਲ ਵਿਚੋਂ ਛੁੱਟੀ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਬੁਲਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਮੰਡੀਆਂ ਵਿੱਚ ਫ਼ਸਲਾਂ ਦੀ ਖਰੀਦ ਅਤੇ ਉਸ ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਬੁਲਾਈ ਗਈ ਹੈ। ਇਸ ਮੀਟਿੰਗ ‘ਚ ਮੁੱਖ ਮੰਤਰੀ ਮੰਡੀਆਂ ‘ਚ ਵਿਵਸਥਾ ਸੁਧਾਰਨ ਲਈ ਸਖਤ ਆਦੇਸ਼ ਦੇ ਸਕਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਆਪਣੀ ਰਿਹਾਇਸ਼ ਵਿਖੇ ਅਫ਼ਸਰ ਸਾਹਿਬਾਨਾਂ ਨਾਲ ਰਿਵਿਊ ਮੀਟਿੰਗ ਕਰਨ ਜਾ ਰਹੇ ਹਾਂ… ਜਿਸ ਵਿੱਚ ਮੰਡੀਆਂ ‘ਚ ਫ਼ਸਲਾਂ ਦੀ ਖਰੀਦ ਅਤੇ ਉਸ ਦੇ ਪੁਖ਼ਤਾ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ… ਅਸੀਂ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦੇਵਾਂਗੇ…
ਅੱਜ ਸਵੇਰੇ ਕਈ ਵਿਧਾਇਕ ਅਤੇ ਮੰਤਰੀ ਉਨ੍ਹਾਂ ਨੂੰ ਮਿਲਣ ਲਈ ਫੋਰਟਿਸ ਹਸਪਤਾਲ ਪਹੁੰਚੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ,ਵਿੱਤ ਮੰਤਰੀ ਹਰਪਾਲ ਚੀਮਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਲ ਸਨ। ਇਸ ਤੋਂ ਇਲਾਵਾ ਕਾਂਗਰਸੀ ਆਗੂ ਪਰਗਟ ਸਿੰਘ ਨੇ ਹਸਪਤਾਲ ਜਾ ਕੇ ਮੁੱਖ ਮੰਤਰੀ ਦਾ ਹਾਲ-ਚਾਲ ਜਾਣਿਆ।
ਦੱਸ ਦੇਈਏ ਕਿ ਸੀਐੱਮ ਭਗਵੰਤ ਮਾਨ ਨੂੰ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਮੋਹਾਲੀ ਫੋਰਟਿਸ ਹਸਪਤਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਗਿਆ ਸੀ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ ਕੇ ਜਸਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਗਈ ਹੈ। ਉਹ ਹੁਣ ਬਿਲਕੁਲ ਠੀਕ ਹਨ।