ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪਹਾੜਾਂ ’ਚ ਵਸੇ ਸ਼ਿਮਲਾ ‘ਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਦਿੱਲੀ ਨਾਲੋਂ ਵੀ ਜ਼ਿਆਦਾ ਹੈ। ਸ਼ੁਕਰਵਾਰ ਨੂੰ ਦਿੱਲੀ ‘ਚ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਦੋ ਡਿਗਰੀ ਵੱਧ ਹੈ।
ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਨੇ ਕਿਹਾ ਕਿ ਦਿੱਲੀ ‘ਚ 4.9 ਡਿਗਰੀ ਘੱਟ ਤੋਂ ਘੱਟ ਤਾਪਮਾਨ ਇਸ ਮੌਸਮ ਦਾ ਸਭ ਤੋਂ ਘੱਟ ਹੈ। ਦਿੱਲੀ ਸ਼ਿਮਲਾ ਨਾਲੋਂ ਵੀ ਠੰਢੀ ਹੈ। ਸ਼ਿਮਲਾ ‘ਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ ਦਿੱਲੀ ਦੇ 24.1 ਡਿਗਰੀ ਦੇ ਮੁਕਾਬਲੇ 15.4 ਡਿਗਰੀ ਹੈ। ਸ਼ਿਮਲਾ ’ਚ ਸਰਦੀਆਂ ਦੀ ਠੰਢ ਦਾ ਅਹਿਸਾਸ ਵਧੇਰੇ ਹੁੰਦਾ ਹੈ।
ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਕੁਆਲਿਟੀ ਸ਼ੁੱਕਰਵਾਰ ਨੂੰ ਮਾਮੂਲੀ ਸੁਧਾਰ ਨਾਲ 323 ਹੋ ਗਈ ਪਰ ਇਹ “ਬਹੁਤ ਖਰਾਬ” ਸ਼੍ਰੇਣੀ ਵਿੱਚ ਰਹੀ। ਵੀਰਵਾਰ ਨੂੰ ਇਹ ਅੰਕੜਾ 358 ਸੀ। 0 ਤੋਂ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਤੋਂ 100 ਦੇ ਵਿਚਕਾਰ ‘ਸੰਤੋਸ਼ਜਨਕ’, 101 ਤੋਂ 200 ਦੇ ਵਿਚਕਾਰ ‘ਮੱਧਮ’, 201 ਤੋਂ 300 ਦੇ ਵਿਚਕਾਰ ‘ਖਰਾਬ’, 301 ਅਤੇ 400 ਦੇ ਵਿਚਕਾਰ ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।
ਸ਼ੁੱਕਰਵਾਰ ਨੂੰ ਨਮੀ ਦਾ ਪੱਧਰ 33 ਤੋਂ 100 ਫ਼ੀ ਸਦੀ ਦੇ ਵਿਚਕਾਰ ਰਿਹਾ। ਮੌਸਮ ਵਿਭਾਗ ਨੇ ਸ਼ਨਿਚਰਵਾਰ ਸਵੇਰੇ ਦਿੱਲੀ ’ਚ ਹਲਕੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 25 ਅਤੇ 5 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ।