ਮੇਰਠ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਟ ਬਹੁਗਿਣਤੀ ਵਾਲੇ ਪਛਮੀ ਉੱਤਰ ਪ੍ਰਦੇਸ਼ ਦੇ ਮੇਰਠ ’ਚ ਇਕ ਰੈਲੀ ਤੋਂ ਅਪਣੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਨਤਮਸਤਕ ਹੋਏ ਅਤੇ ਕਿਹਾ ਕਿ 2024 ਦਾ ਫਤਵਾ ਭਾਰਤ ਨੂੰ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਂਸ਼ਕਤੀ ਬਣਾ ਦੇਵੇਗਾ।
ਕੇਂਦਰੀ ਆਲੂ ਖੋਜ ਸੰਸਥਾਨ ਦੇ ਮੈਦਾਨ ’ਚ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਦੇ ਸਹਿਯੋਗੀ ਕੌਮੀ ਲੋਕ ਦਲ (ਆਰ.ਐਲ.ਡੀ.), ਅਪਨਾ ਦਲ (ਐਸ), ਨਿਰਬਲ ਸ਼ੋਸ਼ਿਤ ਇੰਡੀਅਨ ਹਮਾਰਾ ਆਮ ਦਲ (ਨਿਸ਼ਾਦ) ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸ.ਬੀ.ਐਸ.ਪੀ.) ਦੇ ਪ੍ਰਧਾਨਾਂ ਨਾਲ ਮੰਚ ਸਾਂਝਾ ਕਰਦੇ ਹੋਏ ਮੋਦੀ ਨੇ ਸੂਬੇ ’ਚ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਾਰਿਆਂ ਨੂੰ ‘ਰਾਮ-ਰਾਮ’ ਕਿਹਾ।
ਮੋਦੀ ਨੇ ਕਿਹਾ, ‘‘ਮੇਰਠ ਦੀ ਇਹ ਧਰਤੀ ਕ੍ਰਾਂਤੀ ਅਤੇ ਕ੍ਰਾਂਤੀ ਦੇ ਨਾਇਕਾਂ ਦੀ ਧਰਤੀ ਹੈ। ਇਸ ਧਰਤੀ ਨੂੰ ਬਾਬਾ ਔਘੜ ਧਾਮ ਦਾ ਅਸ਼ੀਰਵਾਦ ਪ੍ਰਾਪਤ ਹੈ। ਇਸ ਧਰਤੀ ਨੇ ਦੇਸ਼ ਨੂੰ ਚੌਧਰੀ ਚਰਨ ਸਿੰਘ ਵਰਗੇ ਮਹਾਨ ਸਪੂਤ ਦਿਤੇ ਹਨ। ਸਾਡੀ ਸਰਕਾਰ ਉਨ੍ਹਾਂ ਨੂੰ ਭਾਰਤ ਰਤਨ ਦੇਣ ਦਾ ਮਾਣ ਪ੍ਰਾਪਤ ਕਰਦੀ ਹੈ। ਮੈਂ ਚੌਧਰੀ ਸਾਹਿਬ ਨੂੰ ਸਤਿਕਾਰ ਨਾਲ ਸ਼ਰਧਾਂਜਲੀ ਦਿੰਦਾ ਹਾਂ। ਮੈਂ ਨਤਮਸਤਕ ਹੁੰਦਾ ਹਾਂ।’’
ਮੇਰਠ ਨਾਲ ਅਪਣੇ ਵੱਖਰੇ ਰਿਸ਼ਤੇ ਨੂੰ ਜੋੜਦੇ ਹੋਏ ਮੋਦੀ ਨੇ ਕਿਹਾ, ‘‘ਦੋਸਤੋ, ਮੇਰਠ ਦੀ ਇਸ ਧਰਤੀ ਨਾਲ ਮੇਰਾ ਵੱਖਰਾ ਰਿਸ਼ਤਾ ਹੈ। ਤੁਹਾਨੂੰ ਯਾਦ ਹੋਵੇਗਾ ਕਿ 2014 ਅਤੇ 2019 ’ਚ ਮੈਂ ਮੇਰਠ ਤੋਂ ਅਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹੁਣ 2024 ਦੀਆਂ ਚੋਣਾਂ ਦੀ ਪਹਿਲੀ ਰੈਲੀ ਮੇਰਠ ’ਚ ਹੀ ਹੋ ਰਹੀ ਹੈ।’’
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ‘‘ਇਹ ਇਸ ਗੱਲ ਦੀ ਚੋਣ ਨਹੀਂ ਹੈ ਕਿ ਕੌਣ ਸੰਸਦ ਮੈਂਬਰ ਬਣੇ ਅਤੇ ਕੌਣ ਨਹੀਂ। 2024 ਦੀਆਂ ਚੋਣਾਂ ਵਿਕਸਤ ਭਾਰਤ ਦੇ ਨਿਰਮਾਣ ਲਈ ਹਨ। 2024 ਦਾ ਫਤਵਾ ਭਾਰਤ ਨੂੰ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਂਸ਼ਕਤੀ ਬਣਾ ਦੇਵੇਗਾ। ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਭਾਰਤ ਦੁਨੀਆਂ ਦੀ 11ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਸੀ, ਉਦੋਂ ਭਾਰਤ ਵਿਚ ਚਾਰੇ ਪਾਸੇ ਗਰੀਬੀ ਸੀ। ਜਦੋਂ ਭਾਰਤ ਪੰਜਵੇਂ ਨੰਬਰ ’ਤੇ ਪਹੁੰਚਿਆ ਤਾਂ 25 ਕਰੋੜ ਦੇਸ਼ ਵਾਸੀ ਗਰੀਬੀ ਤੋਂ ਬਾਹਰ ਆਉਣ ’ਚ ਸਫਲ ਹੋਏ ਅਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਜਦੋਂ ਭਾਰਤ ਦੁਨੀਆਂ ’ਚ ਤੀਜੇ ਨੰਬਰ ’ਤੇ ਪਹੁੰਚੇਗਾ ਤਾਂ ਦੇਸ਼ ’ਚੋਂ ਨਾ ਸਿਰਫ ਗਰੀਬੀ ਦੂਰ ਹੋਵੇਗੀ ਬਲਕਿ ਇਕ ਸ਼ਕਤੀਸ਼ਾਲੀ ਮੱਧ ਵਰਗ ਦੇਸ਼ ਨੂੰ ਨਵੀਂ ਊਰਜਾ ਦੇਵੇਗਾ।’’
ਉਨ੍ਹਾਂ ਨੇ ਨਾਅਰਾ ਦਿਤਾ, ‘‘ਅੱਜ ਪੂਰਾ ਦੇਸ਼ ਕਹਿ ਰਿਹਾ ਹੈ- ਤੀਜੀ ਵਾਰ…’’ ਅਤੇ ਭੀੜ ’ਚੋਂ ਇਕ ਆਵਾਜ਼ ਆਈ – ‘‘ਮੋਦੀ ਸਰਕਾਰ।’’
ਅਪਣੀ ਪਹਿਲੀ ਚੋਣ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਭਰ ’ਚ ਉਨ੍ਹਾਂ ਦੇ ਪਰਵਾਰ ਦੀਆਂ ਇੱਛਾਵਾਂ ਨੂੰ ਨਵੀਂ ਉਡਾਣ ਦਿਤੀ ਹੈ। ਉਨ੍ਹਾਂ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪਿਛਲੇ 10 ਸਾਲਾਂ ’ਚ ਸਾਡੀ ਸਰਕਾਰ ਨੇ ਅਪਣੇ ਕੰਮ ਨਾਲ ਦੇਸ਼ ਭਰ ’ਚ ਮੇਰੇ ਪਰਵਾਰ ਦੀਆਂ ਇੱਛਾਵਾਂ ਨੂੰ ਨਵੇਂ ਖੰਭ ਦਿਤੇ ਹਨ। ਇਸ ਨੂੰ ਹੋਰ ਗਤੀ ਦੇਣ ਲਈ ਦੇਸ਼ ਵਾਸੀਆਂ ਨੇ ਇਕ ਵਾਰ ਫਿਰ ਲੋਕ ਸਭਾ ਚੋਣਾਂ ’ਚ ਭਾਜਪਾ-ਐਨ.ਡੀ.ਏ. (ਕੌਮੀ ਲੋਕਤੰਤਰੀ ਗੱਠਜੋੜ) ਦੇ ਨਾਲ ਜਾਣ ਦਾ ਮਨ ਬਣਾ ਲਿਆ ਹੈ।’’
ਮੇਰਠ ਤੋਂ ਇਲਾਵਾ ਪ੍ਰਧਾਨ ਮੰਤਰੀ ਬਾਗਪਤ, ਬਿਜਨੌਰ, ਮੁਜ਼ੱਫਰਨਗਰ ਅਤੇ ਕੈਰਾਨਾ ਲੋਕ ਸਭਾ ਹਲਕਿਆਂ ਦੇ ਲੋਕ ਵੀ ਪ੍ਰਧਾਨ ਮੰਤਰੀ ਦੀ ਰੈਲੀ ’ਚ ਸ਼ਾਮਲ ਹੋਣਗੇ। 80 ਮੈਂਬਰੀ ਰਾਜ ਲਈ ਚੋਣਾਂ ਸੱਤ ਪੜਾਵਾਂ ’ਚ ਹੋਣਗੀਆਂ, ਜਿਸ ਦੀ ਸ਼ੁਰੂਆਤ ਪਛਮੀ ਉੱਤਰ ਪ੍ਰਦੇਸ਼ ਤੋਂ ਹੋਵੇਗੀ। ਬਿਜਨੌਰ, ਮੁਜ਼ੱਫਰਨਗਰ ਅਤੇ ਕੈਰਾਨਾ ਲੋਕ ਸਭਾ ਹਲਕਿਆਂ ’ਚ ਪਹਿਲੇ ਪੜਾਅ ’ਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ, ਜਦਕਿ ਦੂਜੇ ਪੜਾਅ ’ਚ ਮੇਰਠ ਅਤੇ ਬਾਗਪਤ ’ਚ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਭਾਜਪਾ ਨੇ ਰਾਮਾਨੰਦ ਸਾਗਰ ਦੇ ਨਿਰਦੇਸ਼ਨ ’ਚ ਬਣੇ ਸੀਰੀਅਲ ਰਾਮਾਇਣ ’ਚ ਰਾਮ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਨੂੰ ਮੇਰਠ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ।