ਦੁਮਕਾ: ਸਪੇਨ ਦੀ ਇਕ ਸੈਲਾਨੀ ਨਾਲ ਸਮੂਹਕ ਜਬਰ ਜਨਾਹ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਐਤਵਾਰ ਨੂੰ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ।
ਪੁਲਿਸ ਨੇ ਦਸਿਆ ਕਿ ਸਪੇਨ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਹੰਸਡੀਹਾ ਥਾਣਾ ਖੇਤਰ ਦੇ ਕੁਮਾਰਮਹਾਟ ’ਚ ਸ਼ੁਕਰਵਾਰ ਨੂੰ ਸਪੇਨ ਦੀ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ, ਜਦੋਂ ਉਹ ਅਪਣੇ ਪਤੀ ਨਾਲ ਤੰਬੂ ’ਚ ਰਾਤ ਬਿਤਾ ਰਹੀ ਸੀ। ਪੁਲਿਸ ਨੇ ਦਸਿਆ ਕਿ ਪੀੜਤਾ ਦਾ ਬਿਆਨ ਭਾਰਤੀ ਦੰਡਾਵਲੀ ਦੀ ਧਾਰਾ 164 ਤਹਿਤ ਦਰਜ ਕੀਤਾ ਗਿਆ ਹੈ।
ਪੁਲਿਸ ਸੁਪਰਡੈਂਟ ਪੀਤਾਬਰ ਸਿੰਘ ਖੇਰਵਾਰ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦੀ ਡਾਕਟਰੀ ਜਾਂਚ ਕੀਤੀ ਗਈ ਜਿਸ ’ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦਸਿਆ ਕਿ ਅਪਰਾਧ ਵਿਚ ਕਥਿਤ ਤੌਰ ’ਤੇ ਸ਼ਾਮਲ ਸੱਤ ਵਿਅਕਤੀਆਂ ਵਿਚੋਂ ਤਿੰਨ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ ਅਤੇ ਬਾਕੀ ਚਾਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਖੇਰਵਾਰ ਨੇ ਕਿਹਾ ਕਿ ਬਾਕੀ ਚਾਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨਵੀਂ ਦਿੱਲੀ ਸਥਿਤ ਸਪੇਨ ਦੇ ਦੂਤਘਰ ਦੇ ਸੰਪਰਕ ’ਚ ਹੈ ਅਤੇ ਘਟਨਾਕ੍ਰਮ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ।
ਇਹ ਪੁੱਛੇ ਜਾਣ ’ਤੇ ਕਿ ਜੋੜਾ ਝਾਰਖੰਡ ਕਦੋਂ ਛੱਡੇਗਾ, ਐਸਪੀ ਨੇ ਕਿਹਾ, ‘‘ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਅਸੀਂ ਤੁਹਾਨੂੰ ਇਸ ਬਾਰੇ ਬਾਅਦ ’ਚ ਦੱਸਾਂਗੇ।’’ ਪੁਲਿਸ ਅਨੁਸਾਰ 28 ਸਾਲ ਦੀ ਔਰਤ ਅਤੇ ਉਸ ਦਾ 64 ਸਾਲ ਦਾ ਪਤੀ ਦੋ ਮੋਟਰਸਾਈਕਲਾਂ ’ਤੇ ਬੰਗਲਾਦੇਸ਼ ਤੋਂ ਦੁਮਕਾ ਪਹੁੰਚੇ ਸਨ ਅਤੇ ਬਿਹਾਰ ਦੇ ਰਸਤੇ ਨੇਪਾਲ ਜਾ ਰਹੇ ਸਨ।
ਕੌਮੀ ਮਹਿਲਾ ਕਮਿਸ਼ਨ ਦੀ ਮੈਂਬਰ ਮਮਤਾ ਕੁਮਾਰੀ ਨੇ ਵੀ ਪੀੜਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਕਿਹਾ ਕਿ ਇਸ ਨੇ ਝਾਰਖੰਡ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਪਰਾਧ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਸਪੇਨ ਅਤੇ ਬ੍ਰਾਜ਼ੀਲ ਦੇ ਸਫ਼ਾਰਤਖ਼ਾਨੇ ਹਰਕਤ ’ਚ ਆਏ
ਨਵੀਂ ਦਿੱਲੀ ਵਿੱਚ ਬ੍ਰਾਜ਼ੀਲ ਅਤੇ ਸਪੇਨ ਦੇ ਦੂਤਘਰ ਹਰਕਤ ’ਚ ਆ ਗਏ ਹਨ। ਨਵੀਂ ਦਿੱਲੀ ਵਿਚ ਬ੍ਰਾਜ਼ੀਲ ਦੇ ਦੂਤਘਰ ਨੇ ਕਿਹਾ ਕਿ ਉਹ ਭਾਰਤ ਵਿਚ ਅਧਿਕਾਰੀਆਂ ਨਾਲ ਨੇੜਲੇ ਤਾਲਮੇਲ ਨਾਲ ਸਾਰੇ ਘਟਨਾਕ੍ਰਮ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ। ਭਾਰਤ ਦੀ ਰਾਜਧਾਨੀ ‘ਚ ਸਪੇਨ ਦੇ ਦੂਤਘਰ ਨੇ ਦੁਨੀਆ ‘ਚ ਕਿਤੇ ਵੀ ਔਰਤਾਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿਤਾ। ਝਾਰਖੰਡ ਦੇ ਦੁਮਕਾ ‘ਚ ਗਿਰੋਹ ਨੇ ਨਾ ਸਿਰਫ ਔਰਤ ਬਲਕਿ ਉਸ ਦੇ ਸਪੇਨੀ ਪਤੀ ‘ਤੇ ਵੀ ਹਮਲਾ ਕੀਤਾ। ਪੀੜਤ ਕੋਲ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਹੈ।
‘ਸ਼ੁਕਰ ਹੈ ਅਸੀਂ ਜ਼ਿੰਦਾ ਹਾਂ’
ਪੀੜਤਾਂ ਨੇ ਆਪਣੀ ਦੁਖਦਾਈ ਘਟਨਾ ਬਾਰੇ ਦੱਸਦਿਆਂ ਇਕ ਵੀਡੀਉ ਵੀ ਆਨਲਾਈਨ ਪੋਸਟ ਕੀਤੀ। ਪੀੜਤਾ ਨੇ ਅਪਣੀ ਹੱਡਬੀਤੀ ਦਸਦਿਆਂ ਕਿਹਾ, ‘‘ਸਾਡੇ ਨਾਲ ਕੁੱਝ ਅਜਿਹਾ ਹੋਇਆ ਹੈ ਜੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨਾਲ ਹੋਵੇ।’’ ਔਰਤ ਨੇ ਅਪਣੀ ਇੰਸਟਾਗ੍ਰਾਮ ਸਟੋਰੀ ’ਚ ਕਿਹਾ ਕਿ ‘ਸੱਤ ਲੋਕਾਂ ਨੇ ਮੇਰੇ ਨਾਲ ਜਬਰ ਜਨਾਹ ਕੀਤਾ ਹੈ’। ਵੀਡੀਉ ’ਚ ਉਸ ਦਾ ਚਿਹਰਾ ਬਹੁਤ ਸੱਟਾਂ ਨਾਲ ਸੁੱਜਿਆ ਹੋਇਆ ਵੇਖਿਆ ਜਾ ਸਕਦਾ ਹੈ। ਉਸ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਸਾਨੂੰ ਕੁੱਟਿਆ ਹੈ ਅਤੇ ਲੁੱਟਿਆ ਹੈ, ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਨਹੀਂ, ਕਿਉਂਕਿ ਉਹ ਮੇਰੇ ਨਾਲ ਜਬਰ ਜਨਾਹ ਕਰਨਾ ਚਾਹੁੰਦੇ ਸਨ। ਅਸੀਂ ਪੁਲਿਸ ਦੇ ਨਾਲ ਹਸਪਤਾਲ ’ਚ ਹਾਂ।’’
ਉਸ ਦੇ 64 ਸਾਲ ਦੇ ਸਾਥੀ ਨੇ ਕਿਹਾ, ‘‘ਮੇਰਾ ਚਿਹਰਾ ਇਸ ਤਰ੍ਹਾਂ ਵਿਖਾਈ ਦਿੰਦਾ ਹੈ, ਪਰ ਇਹ ਉਹ ਚੀਜ਼ ਨਹੀਂ ਹੈ ਜੋ ਮੈਨੂੰ ਸੱਭ ਤੋਂ ਵੱਧ ਦੁੱਖ ਪਹੁੰਚਾਉਂਦੀ ਹੈ। ਮੇਰਾ ਮੂੰਹ ਤਬਾਹ ਹੋ ਗਿਆ ਹੈ ਪਰ ਉਹ ਮੇਰੇ ਨਾਲੋਂ ਵੀ ਬਦਤਰ ਹੈ … ਉਨ੍ਹਾਂ ਨੇ ਮੈਨੂੰ ਕਈ ਵਾਰ ਹੈਲਮੇਟ ਨਾਲ ਮਾਰਿਆ ਹੈ, ਸਿਰ ’ਤੇ ਪੱਥਰ ਰੱਖ ਕੇ, ਰੱਬ ਦਾ ਸ਼ੁਕਰ ਹੈ ਕਿ ਉਸ ਨੇ ਜੈਕੇਟ ਪਹਿਨੀ ਹੋਈ ਸੀ ਜਿਸ ਨਾਲ ਸੱਟਾਂ ਘੱਟ ਲਗੀਆਂ… ਮੈਂ ਤਾਂ ਸੋਚਿਆ ਸੀ ਕਿ ਅਸੀਂ ਮਰਨ ਜਾ ਰਹੇ ਹਾਂ। ਰੱਬ ਦਾ ਸ਼ੁਕਰ ਹੈ ਕਿ ਅਸੀਂ ਜ਼ਿੰਦਾ ਹਾਂ।’’ ਹਾਲਾਂਕਿ ਪੋਸਟ ਕਰਨ ਤੋਂ ਥੋੜ੍ਹੀ ਦੇਰ ਬਾਅਦ, ਔਰਤ ਨੇ ਪੋਸਟਾਂ ਨੂੰ ਇਹ ਕਹਿੰਦੇ ਹੋਏ ਹਟਾ ਦਿਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਪੋਸਟ ਹਟਾਉਣ ਲਈ ਕਿਹਾ ਤਾਕਿ ਜਾਂਚ ’ਚ ਵਿਘਨ ਨਾ ਪਵੇ।
यह भी पढ़े: ਜਾਣੋ, ਪੰਜ ਵਿਆਹ ਕਰਵਾਉਣ ਵਾਲੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਬਾਰੇ