ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਨੇ ਸ਼ਨਿਚਰਵਾਰ ਨੂੰ ਸਪੱਸ਼ਟ ਕੀਤਾ ਕਿ ਕਾਰਪੋਰੇਟ ਜਗਤ ਵਲੋਂ ਅਪਣੀਆਂ ਸਹਾਇਕ ਕੰਪਨੀਆਂ ਨੂੰ ਦਿਤੀਆਂ ਗਈਆਂ ਗਰੰਟੀਆਂ ’ਤੇ 18 ਫੀ ਸਦੀ ਜੀ.ਐੱਸ.ਟੀ. ਲਗਾਇਆ ਜਾਵੇਗਾ। ਹਾਲਾਂਕਿ, ਡਾਇਰੈਕਟਰ ਵਲੋਂ ਕੰਪਨੀ ਨੂੰ ਦਿਤੀ ਗਈ ਨਿੱਜੀ ਗਾਰੰਟੀ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਅਤੇ ਸੂਬਿਆਂ ਦੇ ਹਮਰੁਤਬਿਆਂ ਵਾਲੀ ਕੌਂਸਲ ਨੇ ਸ਼ੀਰੇ ’ਤੇ ਜੀ.ਐੱਸ.ਟੀ. ਦੀ ਦਰ 28 ਫ਼ੀ ਸਦੀ ਤੋਂ ਘਟਾ ਕੇ ਪੰਜ ਫ਼ੀ ਸਦੀ ਕਰ ਦਿਤੀ ਹੈ। ਮੀਟਿੰਗ ’ਚ ਮਨੁੱਖੀ ਖਪਤ ਲਈ ਅਲਕੋਹਲ ’ਤੇ ਟੈਕਸ ਲਾਉਣ ਦਾ ਅਧਿਕਾਰ ਵੀ ਸੂਬਿਆਂ ਨੂੰ ਸੌਂਪਿਆ ਗਿਆ। ਅਜਿਹੀ ਸਥਿਤੀ ’ਚ ਮਨੁੱਖੀ ਖਪਤ ਲਈ ਵਾਧੂ ਨਿਰਪੱਖ ਅਲਕੋਹਲ (ਈ.ਐਨ.ਏ.) ਨੂੰ ਜੀ.ਐਸ.ਟੀ. ਤੋਂ ਛੋਟ ਮਿਲੇਗੀ, ਜਦੋਂ ਕਿ ਉਦਯੋਗਿਕ ਵਰਤੋਂ ਲਈ ਵਰਤੀ ਜਾਣ ਵਾਲੀ ਈ.ਐਨ.ਏ. ਉੱਤੇ 18 ਪ੍ਰਤੀਸ਼ਤ ਜੀ.ਐੱਸ.ਟੀ. ਲਗਾਇਆ ਜਾਵੇਗਾ।
ਜੀ.ਐੱਸ.ਟੀ. ਕੌਂਸਲ ਦੀ 52ਵੀਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਕਿ ਸ਼ੀਰੇ ’ਤੇ ਜੀ.ਐੱਸ.ਟੀ. ’ਚ ਕਟੌਤੀ ਨਾਲ ਗੰਨਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਬਕਾਏ ਤੇਜ਼ੀ ਨਾਲ ਨਿਪਟਾਏ ਜਾ ਸਕਦੇ ਹਨ। ਉਨ੍ਹਾਂ ਕਿਹਾ, “ਕੌਂਸਲ ਅਤੇ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਇਸ ਨਾਲ ਪਸ਼ੂਆਂ ਦੀ ਖੁਰਾਕ ਬਣਾਉਣ ਦੀ ਲਾਗਤ ਵੀ ਘਟੇਗੀ, ਜੋ ਕਿ ਇਕ ਵੱਡੀ ਗੱਲ ਹੋਵੇਗੀ।’’
ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ ਕੌਂਸਲ ਨੇ ਫੈਸਲਾ ਕੀਤਾ ਹੈ ਕਿ ਜਦੋਂ ਕੋਈ ਡਾਇਰੈਕਟਰ ਕਿਸੇ ਕੰਪਨੀ ਨੂੰ ਕਾਰਪੋਰੇਟ ਗਾਰੰਟੀ ਦਿੰਦਾ ਹੈ, ਤਾਂ ਸੇਵਾ ਦੀ ਕੀਮਤ ਨੂੰ ਸਿਰਫ਼ ਮੰਨਿਆ ਜਾਵੇਗਾ ਅਤੇ ਇਸ ਲਈ ਇਸ ’ਤੇ ਕੋਈ ਜੀ.ਐੱਸ.ਟੀ. ਲਾਗੂ ਨਹੀਂ ਹੋਵੇਗਾ।
ਉਨ੍ਹਾਂ ਅੱਗੇ ਕਿਹਾ, ‘‘ਜਦੋਂ ਕੋਈ ਕੰਪਨੀ ਅਪਣੀ ਸਹਾਇਕ ਕੰਪਨੀ ਨੂੰ ਕਾਰਪੋਰੇਟ ਗਾਰੰਟੀ ਦਿੰਦੀ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਸੇਵਾ ਦਾ ਮੁੱਲ ਕਾਰਪੋਰੇਟ ਗਾਰੰਟੀ ਦਾ ਫ਼ੀ ਸਦੀ ਹੈ। ਇਸ ਲਈ, ਕੁਲ ਰਕਮ ਦੇ 1% ’ਤੇ 18% ਜੀ.ਐੱਸ.ਟੀ. ਲੱਗੇਗਾ।’’
ਕੌਂਸਲ ਨੇ ਲੇਬਲ ਵਾਲੇ ਮੋਟੇ ਅਨਾਜ ਦੇ ਆਟੇ ’ਤੇ ਪੰਜ ਫੀ ਸਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਆਟੇ ਦੀ ਪੈਕਿੰਗ ਅਤੇ ਲੇਬਲਿੰਗ ਅਤੇ ਵੇਚਣ ’ਤੇ ਜੀ.ਐੱਸ.ਟੀ. ਲਾਗੂ ਹੋਵੇਗਾ। ਘੱਟ ਤੋਂ ਘੱਟ 70 ਫ਼ੀ ਸਦੀ ਮੋਟੇ ਅਨਾਜ ਵਾਲੇ ਆਟੇ ’ਤੇ ਜੇਕਰ ਖੁੱਲ੍ਹਾ ਵੇਚਿਆ ਜਾਂਦਾ ਹੈ ਤਾਂ ਇਸ ’ਤੇ ਸਿਫ਼ਰ ਜੀ.ਐੱਸ.ਟੀ. ਲੱਗੇਗਾ ਪਰ ਜੇਕਰ ਪੈਕ ਕਰ ਕੇ ਅਤੇ ਲੇਬਲ ਲਗਾ ਕੇ ਵੇਚਿਆ ਜਾਂਦਾ ਹੈ ਤਾਂ ਪੰਜ ਫ਼ੀ ਸਦੀ ਜੀ.ਐੱਸ.ਟੀ. ਲੱਗੇਗਾ।
ਇਸ ਤੋਂ ਇਲਾਵਾ ਜੀ.ਐੱਸ.ਟੀ. ਅਪੀਲੀ ਟ੍ਰਿਬਿਊਨਲ (ਜੀ.ਐਸ.ਟੀ.ਏ.ਟੀ.) ਦੇ ਚੇਅਰਮੈਨ ਅਤੇ ਮੈਂਬਰਾਂ ਲਈ ਵੱਧ ਤੋਂ ਵੱਧ ਉਮਰ ਹੱਦ ਤੈਅ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਤਹਿਤ ਜੀ.ਐਸ.ਟੀ.ਏ.ਟੀ. ਚੇਅਰਮੈਨ ਦੀ ਵੱਧ ਤੋਂ ਵੱਧ ਉਮਰ 70 ਸਾਲ ਅਤੇ ਮੈਂਬਰਾਂ ਦੀ ਵੱਧ ਤੋਂ ਵੱਧ ਉਮਰ 67 ਸਾਲ ਹੋਵੇਗੀ। ਪਹਿਲਾਂ ਇਹ ਸੀਮਾ ਲੜੀਵਾਰ 67 ਸਾਲ ਅਤੇ 65 ਸਾਲ ਸੀ।
यह भी पढ़े: ਰਾਜੌਰੀ : ਫ਼ੌਜੀ ਕੈਂਪ ’ਚ ਗੋਲੀਬਾਰੀ, ਤਿੰਨ ਫ਼ੌਜੀ ਅਫ਼ਸਰਾਂ ਸਮੇਤ ਪੰਜ ਜਵਾਨ ਜ਼ਖ਼ਮੀ