ਅਕਸਰ ਹੀ ਦੇਖਣ ‘ਚ ਆ ਰਿਹਾ ਹੈ ਕਿ ਵਿਦੇਸ਼ਾਂ ਤੋਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਅਜਿਹੀ ਹੀ ਮੰਦਭਾਗੀ ਖ਼ਬਰ ਇਟਲੀ ਤੋਂ ਸਾਹਮਣੇ ਆਈ ਹੈ। ਇੱਥੇ ਦੱਖਣੀ ਇਟਲੀ ਦੇ ਸ਼ਹਿਰ ਬੱਤੀਪਾਲੀਆ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ 26 ਸਾਲਾਂ ਦੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਪਰਮਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੀ ਇਸ ਖ਼ਬਰ ਨੇ ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੱਤਲੇ ਦੇ ਰਹਿਣ ਵਾਲੇ ਨੌਜਵਾਨ ਪਰਮਪ੍ਰੀਤ ਸਿੰਘ ਤੱਤਲਾ ਪੁੱਤਰ ਦੇਵਾ ਸਿੰਘ ਦੀ ਵਿਦੇਸ਼ ਇਟਲੀ ਵਿਖੇ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਇਟਲੀ ਦੇ ਸ਼ਹਿਰ ਕਨਚੇਲੋ ਜ਼ਿਲ੍ਹਾ ਸਿਲਰਨੋ ਟਰਾਲਾ ਚਲਾਉਂਦਾ ਸੀ। ਇਸ ਦੌਰਾਨ ਜਦੋਂ ਉਹ ਘਰ ਤੋਂ ਆਪਣੇ ਟਰਾਲੇ ਨੂੰ ਨਾਲ ਲੈ ਕੇ ਕੰਮ ’ਤੇ ਗਿਆ ਹੋਇਆ ਸੀ ਤਾਂ ਟਰਾਲੇ ਨੂੰ ਖਾਲੀ ਕਰਨ ਲੱਗਾ ਤਾਂ ਅਚਾਨਕ ਦੀ ਉਪਰ ਲੰਘ ਰਹੀਆਂ ਤਾਰਾਂ ਨਾਲ ਟਰਾਲਾ ਲੱਗਣ ਕਾਰਨ ਟਰਾਲੇ ’ਚ ਕਰੰਟ ਆ ਗਿਆ, ਜਿਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਅਜੇ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਇੱਕ ਬੇਟੀ ਨੇ ਜਨਮ ਲਿਆ ਤੇ ਉਹ ਹੁਣ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਪਤਨੀ ਅਤੇ ਆਪਣੀ ਛੋਟੀ ਬੱਚੀ ਨੂੰ ਛੱਡ ਗਿਆ ਹੈ। ਪਰਮਪ੍ਰੀਤ ਕਰੀਬ 20 ਸਾਲ ਪਹਿਲਾਂ ਇਟਲੀ ਗਿਆ ਸੀ, ਉਥੇ ਹੀ ਉਸ ਨੇ ਆਪਣੀ ਪੜਾਈ ਕੀਤੀ ਤੇ ਡੇਅਰੀ ਫਾਰਮ ਤੇ ਨੌਕਰੀ ਕਰਦਾ ਸੀ। ਪਰਮਪ੍ਰੀਤ ਦਾ ਵਿਆਹ ਵੀ ਇਟਲੀ ਵਿਚ ਹੀ ਹੋਇਆ ਸੀ ਤੇ ਉਸਦਾ ਭਰਾ ਵੀ ਇਟੱਲੀ ਹੀ ਹੈ।
13 ਮਾਰਚ ਨੂੰ ਮਾਪਿਆਂ ਨੇ ਆਪਣੇ ਪੁੱਤਰ ਨੂੰ ਮਿਲਣ ਲਈ ਇਟਲੀ ਜਾਣਾ ਸਾਣਾ ਸੀ ਪਰ ਉਸ ਤੋਂ ਪਹਿਲਾ ਹੀ ਆਈ ਇਹ ਮੰਦਭਾਗੀ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਿਤਾ ਦੇਵਾ ਸਿੰਘ ਪਹਿਲਵਾਨ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਲਿਆਉਣ ’ਚ ਸਰਕਾਰ ਮਦਦ ਕੀਤੀ ਜਾਵੇ। ਉਧਰ ਦੂਜੇ ਪਾਸੇ ਮ੍ਰਿਤਕ ਦੀ ਹੋਈ ਅਚਾਨਕ ਮੌਤ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਅਤੇ ਇਸੇ ਤਰ੍ਹਾਂ ਹੀ ਇਲਾਕੇ ’ਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਭਾਰਤੀ ਮੂਲ ਦਾ ਟਰੱਕ ਡਰਾਈਵਰ ਡੇਅਰੀ ਫਾਰਮ ਨੂੰ ਚਾਰਾ ਸਪਲਾਈ ਕਰਨ ਵਾਲੇ ਟਰੱਕ ਦੇ ਪਿੱਛੇ ਪਾਈ ਹੋਈ ਵੱਡੀ ਟਰਾਲੀ ਵਿਚੋਂ ਚਾਰੇ ਨੂੰ ਟਰੱਕ ਦੇ ਅਗਲੇ ਹਿੱਸੇ ਵਿੱਚ ਭਰ ਰਿਹਾ ਸੀ। ਇਸ ਦੌਰਾਨ ਅਚਾਨਕ ਲੋਹੇ ਦਾ ਇੱਕ ਹਿੱਸਾ ਉੱਪਰ ਤੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਿਆ, ਜਿਸ ਦੌਰਾਨ ਕਰੰਟ ਲੱਗਣ ਕਾਰਨ ਪਰਮਪ੍ਰੀਤ ਸਿੰਘ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦਈਏ ਕਿ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਛੋਟੀ ਉਮਰ ਤੋਂ ਹੀ ਮਾਪਿਆਂ ਨਾਲ ਇਟਲੀ ਆ ਵੱਸਿਆ ਸੀ ਜੋ ਬੜਾ ਹੀ ਮਿਹਨਤੀ ਅਤੇ ਮਿਲਣਸਾਰ ਸੀ। ਇਸ ਅਨਹੋਣੀ ਖ਼ਬਰ ਤੋ ਬਾਅਦ ਇਟਲੀ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ। ਵਿਦੇਸ਼ਾਂ ਵਿਚ ਵਾਪਰ ਰਹੀਆਂ ਅਨਹੋਣੀਆਂ ਦੁਰਘਟਨਾਵਾਂ ਕਾਰਨ ਕਈ ਘਰਾਂ ਦੇ ਚਿਰਾਗ ਬੁੱਝੇ ਹਨ।