ਰੂਸੀ ਫੌਜ ਵਿਚ ਸ਼ਾਮਲ ਕੀਤੇ ਗਏ ਭਾਰਤੀ ਨਾਗਰਿਕ ਮੁਹੰਮਦ ਅਫਸਾਨ ਦੀ ਯੂਕਰੇਨ ਖ਼ਿਲਾਫ਼ ਜੰਗ ਦੌਰਾਨ ਮੌਤ ਹੋ ਗਈ ਹੈ। ਰੂਸ ਸਥਿਤ ਭਾਰਤੀ ਸਫਾਰਤਖਾਨੇ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਦੇ ਰੂਸੀ ਫੌਜ ਦੀ ਸਹਾਇਤਾ ਲਈ ਨੌਕਰੀ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਨਾਗਰਿਕਾਂ ਨੂੰ ਯੂਕਰੇਨ ’ਚ ਚੱਲ ਰਹੀ ਜੰਗ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ।
ਉਧਰ, ਦੋਸ਼ ਲੱਗ ਰਹੇ ਹਨ ਕਿ ਰੂਸ ਵੱਲੋਂ ਯੂਕਰੇਨ ਨਾਲ ਜੰਗ ਲਈ ਪੰਜਾਬੀ ਨੌਜਵਾਨਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੂਸੀ ਫ਼ੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਸਾਲਾਂਬੱਧੀ ਜੇਲ੍ਹਾਂ ਵਿੱਚ ਰੱਖਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਦੀਨਾਨਗਰ ਦੇ ਇੱਕ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਹੈ। ਇਸ ਤੋਂ ਇਲਾਵਾ 5 ਤੋਂ 6 ਹੋਰ ਅਜਿਹੇ ਨੌਜਵਾਨਾਂ ਨੂੰ ਭਰਤੀ ਕਰਨ ਦੀ ਖਬਰ ਹੈ।
ਦੀਨਾਨਗਰ ਦੇ ਪਿੰਡ ਅਵਾਂਖਾ ਵਾਸੀ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਰਵਨੀਤ ਸਿੰਘ ਕਰੀਬ ਚਾਰ ਮਹੀਨੇ ਪਹਿਲਾਂ ਇੱਕ ਏਜੰਟ ਰਾਹੀਂ ਸੈਲਾਨੀ ਵੀਜ਼ੇ ’ਤੇ ਰੂਸ ਗਿਆ ਸੀ। ਰਵਨੀਤ ਉਥੇ ਰਹਿੰਦੇ ਦੀਨਾਨਗਰ ਦੇ ਪਿੰਡ ਜੰਡੇਅ ਦੇ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਨਾਲ ਬਾਹਰ ਕਿਤੇ ਘੁੰਮਣ ਨਿਕਲ ਗਿਆ ਜਿਸ ਦੌਰਾਨ ਰੂਸੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਰੂਸੀ ਫ਼ੌਜ ਦੇ ਹਵਾਲੇ ਕਰ ਦਿੱਤਾ।
ਉੱਥੇ ਉਨ੍ਹਾਂ ਨੂੰ ਯੂਕਰੇਨ ਨਾਲ ਜੰਗ ਲਈ ਜ਼ਬਰਦਸਤੀ ਫ਼ੌਜ ਵਿੱਚ ਭਰਤੀ ਹੋਣ ਲਈ ਆਖਿਆ ਗਿਆ। ਹੁਣ ਉਨ੍ਹਾਂ ਦੀ ਨਵਦੀਪ ਨਾਲ ਗੱਲ ਨਹੀਂ ਹੋ ਰਹੀ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਲੜਕਾ ਕਿੱਥੇ ਅਤੇ ਕਿਸ ਸਥਿਤੀ ਵਿੱਚ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸ਼ਾਇਦ ਉਸ ਦੇ ਭਰਾ ਨੂੰ ਫ਼ੌਜ ਦੀ ਸਿਖਲਾਈ ਲਈ ਕਿਸੇ ਸੈਂਟਰ ਜਾਂ ਕੈਂਪ ’ਚ ਭੇਜਿਆ ਜਾ ਰਿਹਾ ਹੈ।
यह भी पढ़े: ਮੁੱਖ ਮੰਤਰੀ ਨੇ 2487 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਸੌਂਪੇ ਨਿਯੁਕਤੀ ਪੱਤਰ