ਨਵੀਂ ਦਿੱਲੀ: ਦਖਣੀ-ਪਛਮੀ ਦਿੱਲੀ ਦੇ ਨਜਫਗੜ੍ਹ ’ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ’ਚ ਦੇਸ਼ ’ਚ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ।
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ ਭਿਆਨਕ ਗਰਮੀ ਦੀ ਰੀਪੋਰਟ ਕੀਤੀ ਹੈ।
ਇੱਥੋਂ ਤਕ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵੀ ਭਿਆਨਕ ਗਰਮੀ ਦੀ ਲਪੇਟ ’ਚ ਹਨ। ਧਰਮਸ਼ਾਲਾ ’ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, ਊਨਾ ’ਚ 44.4 ਡਿਗਰੀ ਸੈਲਸੀਅਸ, ਬਿਲਾਸਪੁਰ ’ਚ 42.4 ਡਿਗਰੀ ਸੈਲਸੀਅਸ, ਸੋਲਨ ’ਚ 36.6 ਡਿਗਰੀ ਸੈਲਸੀਅਸ ਅਤੇ ਕਾਂਗੜਾ ’ਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਦਿੱਲੀ, ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉੱਤਰ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ’ਚ ਬੱਚਿਆਂ, ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਸਮੇਤ ਕਮਜ਼ੋਰ ਵਿਅਕਤੀਆਂ ਦੀ ‘ਉੱਚ ਸਿਹਤ ਦੇਖਭਾਲ’ ’ਤੇ ਜ਼ੋਰ ਦਿਤਾ ਗਿਆ ਹੈ।
ਭਾਰਤ ’ਚ ਘੱਟੋ-ਘੱਟ ਅੱਠ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ, ਜਦਕਿ ਨਜਫਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਤਿੰਨ ਦਿਨਾਂ ’ਚ ਦੂਜੀ ਵਾਰ ਦੇਸ਼ ਦਾ ਸੱਭ ਤੋਂ ਗਰਮ ਸਥਾਨ ਬਣ ਗਿਆ।
ਹਵਾਈ ਅੱਡੇ ਦੇ ਮੌਸਮ ਦੇ ਅੰਕੜਿਆਂ ਦੇ ਨਵੇਂ ਵਿਸ਼ਲੇਸ਼ਣ ਅਨੁਸਾਰ, ਦਿੱਲੀ ’ਚ ਪਿਛਲੇ 10 ਸਾਲਾਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦੇ 1,557 ਦਿਨ (ਲਗਭਗ 43 ਫ਼ੀ ਸਦੀ) ਦਰਜ ਕੀਤਾ ਗਿਆ ਹੈ।
ਇੰਟਰਨੈਸ਼ਨਲ ਇੰਸਟੀਚਿਊਟ ਫਾਰ ਇਨਵਾਇਰਮੈਂਟ ਐਂਡ ਡਿਵੈਲਪਮੈਂਟ (ਆਈ.ਆਈ.ਈ.ਡੀ.) ਦੇ ਅਨੁਸਾਰ, ਸੰਘਣੀ ਆਬਾਦੀ ਵਾਲੇ ਸ਼ਹਿਰ ਦਿੱਲੀ ’ਚ 2004 ਅਤੇ 2013 ਦੇ ਵਿਚਕਾਰ 1,254 ਦਿਨ (ਲਗਭਗ 34 ਫ਼ੀ ਸਦੀ) ਅਤੇ 1994 ਅਤੇ 2003 ਦੇ ਵਿਚਕਾਰ 1,180 ਦਿਨ (ਲਗਭਗ 32 ਫ਼ੀ ਸਦੀ) ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ।
ਮੱਧ ਪ੍ਰਦੇਸ਼ ਦੇ ਗੰਗਾਨਗਰ ’ਚ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ, ਮੱਧ ਪ੍ਰਦੇਸ਼ ਦੇ ਦਤੀਆ ’ਚ 47.5 ਡਿਗਰੀ, ਹਰਿਆਣਾ ਦੇ ਸਿਰਸਾ ’ਚ 47 ਡਿਗਰੀ ਅਤੇ ਨੂਹ ’ਚ 47.2 ਡਿਗਰੀ, ਪੰਜਾਬ ਦੇ ਬਠਿੰਡਾ ’ਚ 46.4 ਡਿਗਰੀ, ਆਗਰਾ ’ਚ 47.7 ਡਿਗਰੀ ਸੈਲਸੀਅਸ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ’ਚ 47.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇਜ਼ ਗਰਮੀ ਅਤੇ ਨਮੀ ਨੇ ਗੁਜਰਾਤ ਦੇ ਤੱਟਵਰਤੀ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਪਰੇਸ਼ਾਨ ਕੀਤਾ।