ISRO: ਭਾਰਤ ਦੇ ਆਦਿੱਤਿਆ-ਐੱਲ1 ਸੈਟੇਲਾਈਟ ’ਤੇ ਪੇਲੋਡ ‘ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ’ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਇਹ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਸਰੋ ਨੇ 2 ਸਤੰਬਰ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਦਿਤਿਆ-ਐਲ1 ਪੁਲਾੜ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਸਰੋ ਮੁਤਾਬਕ ਆਦਿਤਿਆ-ਐਲ1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਅਧਾਰਤ ਆਬਜ਼ਰਵੇਟਰੀ ਹੈ। ਇਹ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਲੈਗਰਾਂਗੀਅਨ ਪੁਆਇੰਟ ‘ਐਲ 1’ ਦੇ ਆਲੇ-ਦੁਆਲੇ ਚੱਕਰ ਕੱਟਣ ਦੌਰਾਨ ਸੂਰਜ ਦਾ ਅਧਿਐਨ ਕਰ ਰਿਹਾ ਹੈ।
ਇਸਰੋ ਨੇ ਇਕ ਬਿਆਨ ’ਚ ਕਿਹਾ ਕਿ ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ (ਏ.ਐੱਸ.ਪੀ.ਈ.ਐਕਸ.) ’ਚ ਦੋ ਅਤਿ ਆਧੁਨਿਕ ਯੰਤਰ ਸੋਲਰ ਵਿੰਡ ਆਇਨ ਸਪੈਕਟ੍ਰੋਮੀਟਰ (ਐੱਸ.ਡਬਲਯੂ.ਆਈ.ਐੱਸ.) ਅਤੇ ਸੁਪਰਥਰਮਲ ਐਂਡ ਐਨਰਜੈਟਿਕ ਪਾਰਟੀਕਲ ਸਪੈਕਟ੍ਰੋਮੀਟਰ (ਐਸ.ਪੀ.ਟੀ.ਈ.ਪੀ.ਐੱਸ.) ਸ਼ਾਮਲ ਹਨ। ਐਸ.ਪੀ.ਟੀ.ਈ.ਪੀ.ਐੱਸ. ਉਪਕਰਣ 10 ਸਤੰਬਰ, 2023 ਨੂੰ ਲਾਂਚ ਕੀਤੇ ਗਏ ਸਨ।
ਐਸ.ਡਬਲਯੂ.ਆਈ.ਐਸ. ਡਿਵਾਈਸ ਨੂੰ 2 ਨਵੰਬਰ, 2023 ਨੂੰ ਕਿਰਿਆਸ਼ੀਲ ਕੀਤਾ ਗਿਆ ਸੀ ਅਤੇ ਇਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸਰੋ ਅਨੁਸਾਰ, ਉਪਕਰਣ ਨੇ ਸਫਲਤਾਪੂਰਵਕ ਸੂਰਜੀ ਹਵਾ ਆਇਨਾਂ, ਮੁੱਖ ਤੌਰ ’ਤੇ ਪ੍ਰੋਟੋਨ ਅਤੇ ਅਲਫਾ ਕਣਾਂ ਨੂੰ ਮਾਪਿਆ ਹੈ।