ਰਾਤ ਦੇ ਹਨੇਰੇ ’ਚ ਬਣੇ ਜਥੇਦਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਜੂਨ ਨੂੰ ਸੰਦੇਸ਼ ਨਹੀ ਦੇਣ ਦਿੱਤਾ ਜਾਵੇਗਾ – ਢੋਟ

 ਸਿੱਖ ਕੌਮ ਸਰਵ ਪ੍ਰਵਾਨਤ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗੇ ਜਥੇਦਾਰ ਚਾਹੁੰਦੀ ਹੈ| ਰਾਤ ਦੇ ਹਨੇਰੇ ਵਿੱਚ ਬਣੇ ਜਥੇਦਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਦੇਸ਼ ਦੇਣ ਦਾ ਕੋਈ ਹੱਕ ਨਹੀਂ। ਇਹ ਵਿਚਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਪ੍ਰਗਟ ਕਰਦਿਆਂ ਕਿਹਾ ਕਿ 6 ਜੂਨ ਨੂੰ ਸ਼ਹੀਦੀ ਘੱਲੂਘਾਰੇ ਦੌਰਾਨ ਧਾਰਮਿਕ ਭਾਵਨਾਵਾਂ ਅਤੇ ਮਰਿਆਦਾ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।

ਕੁਲਦੀਪ ਸਿੰਘ ਗੜਗੱਜ ਸਿਰਫ ਅਕਾਲੀ ਦਲ ਬਾਦਲ ਦੇ ਜਥੇਦਾਰ ਹਨ ਨਾ ਕਿ ਸਿੱਖ ਕੌਮ ਦੇ| ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਲਿਆ ਸਟੈਂਡ ਬਿਲਕੁਲ ਸਪਸ਼ਟ ਹੈ ਅਤੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ  ਤਰਜਮਾਨੀ ਕਰਦਾ ਹੈ| ਬਾਬਾ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਹਿੱਤਾਂ ਲਈ ਵਰਤਨ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿਸੇ ਵੀ ਕੀਮਤ ਤੇ  ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਨਹੀਂ ਦੇ ਦਿੱਤਾ ਜਾਵੇਗਾ। ਫੈਡਰੇਸ਼ਨ ਵੱਲੋਂ ਹਰ ਹੀਲੇ ਅਤੇ ਹਰ ਹਾਲਾਤ ਵਿੱਚ ਇਹ ਨਹੀਂ ਹੋਣ ਦਿੱਤਾ ਜਾਵੇਗਾ।

ਢੋਟ ਨੇ ਕਿਹਾ ਕਿ ਇਹ ਗਲ ਸਮਝ ਤੋਂ ਪਰੇ ਹੈ ਕਿ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨਾਲ ਸੰਦੇਸ਼ ਦੌਰਾਨ ਖੜੇ ਹਨ ਅਤੇ ਦੂਜੇ ਪਾਸੇ ਕੁਲਦੀਪ ਸਿੰਘ ਗੜ ਗੱਜ ਦੀ ਪਿੱਠ ਥਾਪੜ ਰਹੇ ਹਨ। ਸਿਮਰਨਜੀਤ ਸਿੰਘ ਮਾਨ ਪਹਿਲਾਂ ਇਹ ਸਪਸ਼ਟ ਕਰਨ ਕਿ ਉਹ ਧਿਆਨ ਸਿੰਘ ਮੰਡ ਨੂੰ ਜਥੇਦਾਰ ਮੰਨਦੇ ਹਨ ਜਾਂ ਉਹ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਦੇ ਹਨ। ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਮਾਨ ਨੂੰ ਸ਼ਹੀਦਾਂ ਦੀ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਖਿਲਾਫ਼ ਸੋਚ ਵਿਚਾਰ ਕੇ ਅਤੇ ਸ਼ਬਦਾਂ ਨੂੰ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ। ਬੇਤੁਕੀ ਬਿਆਨਬਾਜ਼ੀ ਕਰਕੇ ਆਪਣੇ ਦਿਮਾਗ ਦੇ ਦੀਵਾਲੀਆਪਾਂਨ ਦਾ ਸਬੂਤ ਨਹੀਂ ਦੇਣਾ ਚਾਹੀਦਾ|ਫੈਡਰੇਸ਼ਨ ਪ੍ਰਧਾਨ ਨੇ ਸੋਸ਼ਲ ਮੀਡੀਆ ,’ਤੇ ਦਿੱਤੀ ਗਈ ਗੁਰਪ੍ਰੀਤ ਸਿੰਘ ਝੱਬਰ ਦੀ ਸਟੇਟਮੈਂਟ ਦਾ ਨੋਟਿਸ ਲੈਂਦਿਆਂ ਕਿਹਾ ਕਿ, ਝੱਬਰ ਵਰਗਿਆਂ ਨੇ ਜੇ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਦੇ ਝੋਲੀ ਚੁੱਕ ਬਣਨਾ ਹੈ ਤਾਂ ਸ਼ੌਂਕ ਨਾਲ ਬਣਨ ਪਰ ਦਮਦਮੀ ਟਕਸਾਲ ਵਰਗੀ ਮਹਾਨ ਜਥੇਬੰਦੀ ਨੂੰ ਨਸੀਹਤਾਂ ਦੇਣ ਤੋਂ ਗੁਰੇਜ ਕਰਨ।