ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਅਯੋਧਿਆ ਵਿਖੇ ਭਗਵਾਨ ਰਾਮ ਦੇ ਜਨਮ ਅਸਥਾਨ ਪਵਿੱਤਰ ਸ੍ਰੀ ਰਾਮ ਮੰਦਰ ਦੇ ਦਰਸ਼ਨ ਕੀਤੇ। ਪਟਿਆਲਾ ਦੇ ਸੰਸਦ ਮੈਂਬਰ ਨੇ ਗੁਰਦੁਆਰਾ ਸ੍ਰੀ ਨਜ਼ਰਬਾਗ ਸਾਹਿਬ ਵਿਖੇ ਵੀ ਮੱਥਾ ਟੇਕਿਆ, ਜਿੱਥੇ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਯਾਤਰਾ ਦੌਰਾਨ ਠਹਿਰੇ ਸਨ।
ਅਯੁੱਧਿਆ ਹਵਾਈ ਅੱਡੇ ‘ਤੇ ਆਪਣੀ ਆਮਦ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, ”ਮੈਂ ਅੱਜ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਅਸਥਾਨ ਪਵਿੱਤਰ ਰਾਮ ਮੰਦਰ ਵਿਖੇ ਨਤਮਸਤਕ ਹੋਣ ਅਤੇ ਮੱਥਾ ਟੇਕਣ ਲਈ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ। ਇਹ ਬਹੁਤ ਹੀ ਪਵਿੱਤਰ ਸਥਾਨ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਮੈਂ ਇਹ ਮੌਕਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਂ ਰਾਮ ਲੱਲਾ ਜੀ ਨੂੰ ਪ੍ਰਾਰਥਨਾ ਕਰਾਂਗੀ ਕਿ ਉਹ ਪਟਿਆਲਾ, ਪੰਜਾਬ ਅਤੇ ਪੂਰੇ ਦੇਸ਼ ਦੇ ਲੋਕਾਂ ‘ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ।”
ਉਨ੍ਹਾਂ ਨੇ ਅੱਗੇ ਦੱਸਿਆ, “ਮੈਂ ਗੁਰਦੁਆਰਾ ਸ੍ਰੀ ਨਜ਼ਰਬਾਗ ਸਾਹਿਬ ਦੇ ਵੀ ਦਰਸ਼ਨ ਕਰਾਂਗੀ, ਇਹ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ 2 ਦਿਨ ਠਹਿਰੇ ਸਨ। ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਬਾਲ ਅਵਸਥਾ ਦੌਰਾਨ ਪਟਨਾ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਦੌਰਾਨ ਇਸ ਸਥਾਨ ‘ਤੇ ਠਹਿਰੇ ਸਨ। ਅਯੁੱਧਿਆ ਦੇ ਤਤਕਾਲੀ ਰਾਜਾ ਰਾਜਾ ਮਾਨ ਸਿੰਘ ਨੇ ਵੀ ਗੁਰੂ ਸਾਹਿਬ ਨੂੰ ਸਤਿਕਾਰ ਵਜੋਂ ਇੱਕ ਸੁੰਦਰ ਬਾਗ਼ ਨਜ਼ਰਾਨ ਕੀਤਾ ਸੀ, ਇਸ ਤਰ੍ਹਾਂ ਇਸ ਦਾ ਨਾਮ ਗੁਰਦੁਆਰਾ ਨਜ਼ਰਬਾਗ ਸਾਹਿਬ ਰੱਖਿਆ ਗਿਆ।” ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਦੱਸਿਆ।
ਮੋਦੀ ਜੀ ਦੀ ਭੂਮਿਕਾ ‘ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਨੀਤ ਕੌਰ ਨੇ ਕਿਹਾ, “ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਅਗਵਾਈ ਦੇ ਕਾਰਨ ਹੀ ਰਾਮ ਮੰਦਰ ਦਾ ਉਦਘਾਟਨ ਸੰਭਵ ਹੋ ਸਕਿਆ ਹੈ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਂ ਆਪਣੇ ਜੀਵਨ ਕਾਲ ਵਿੱਚ 2 ਇਤਿਹਾਸਕ ਪਲਾਂ ਦਾ ਸਾਹਮਣਾ ਕੀਤਾ ਹੈ, ਇੱਕ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਅਤੇ ਦੂਜਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਜੋ ਕਿ ਸਾਡੀ ਸਿੱਖ ਸੰਗਤ ਦੀ ਲੰਬੇ ਸਮੇਂ ਤੋਂ ਮੰਗ ਸੀ। ਮੋਦੀ ਜੀ ਨੇ ਹਰ ਇੱਕ ਧਰਮ ਦਾ ਸਤਿਕਾਰ ਯਕੀਨੀ ਬਣਾਇਆ ਹੈ।”