ਛੱਤੀਸਗੜ੍ਹ ਦੇ ਅਤਿਵਾਦ ਪ੍ਰਭਾਵਤ ਨਰਾਇਣਪੁਰ ਜ਼ਿਲ੍ਹੇ ’ਚ ਮਾਉਵਾਦੀਆਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦਾ ਕਤਲ ਕਰ ਦਿਤਾ। ਪੁਲਿਸ ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪਿਛਲੇ ਇਕ ਸਾਲ ’ਚ ਸੂਬੇ ਦੇ ਮਾਉਵਾਦੀ ਪ੍ਰਭਾਵਤ ਇਲਾਕਿਆਂ ’ਚ ਮਾਉਵਾਦੀਆਂ ਵਲੋਂ ਕਿਸੇ ਭਾਜਪਾ ਆਗੂ ਜਾਂ ਮੈਂਬਰ ਦਾ ਇਹ 9ਵਾਂ ਕਤਲ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਿੰਡ ਦੇ ਉਪ ਸਰਪੰਚ ਪੰਚਮਦਸ ਦੀ ਮੰਗਲਵਾਰ ਦੇਰ ਰਾਤ ਫਰਾਸਗਾਓਂ ਥਾਣਾ ਖੇਤਰ ਦੇ ਦੰਡਵਨ ਪਿੰਡ ’ਚ ਕਤਲ ਕਰ ਦਿਤਾ। ਉਨ੍ਹਾਂ ਕਿਹਾ ਕਿ ਕੁੱਝ ਨਕਸਲੀ ਪਿੰਡ ਪਹੁੰਚੇ ਅਤੇ ਉਪ ਸਰਪੰਚ ਪੰਚਮਦਸ ਦਾ ਕਤਲ ਕਰ ਦਿਤਾ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀ ਇਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਨਰਾਇਣਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ ਜਿੱਥੇ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਨਰਾਇਣਪੁਰ ਸ਼ਹਿਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਜੰਗਲਾਤ ਮੰਤਰੀ ਕੇਦਾਰ ਕਸ਼ਯਪ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ’ਚ ਭਾਜਪਾ ਨੇਤਾਵਾਂ ਦੀਆਂ ਹੱਤਿਆਵਾਂ ਦਰਸਾਉਂਦੀਆਂ ਹਨ ਕਿ ਕਾਂਗਰਸ ਅਤੇ ਨਕਸਲੀਆਂ ਨੇ ਮਿਲ ਕੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿਤਾ ਹੈ।