ਬੁੱਧਵਾਰ ਨੂੰ ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ ਹੈ। ਸਭ ਤੋਂ ਵੱਧ ਮੀਂਹ ਮਹਿੰਦਰਗੜ੍ਹ ਵਿੱਚ ਦਰਜ ਕੀਤਾ ਗਿਆ। ਇੱਥੇ 63.5 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਅੰਬਾਲਾ ਵਿੱਚ 3 ਮਿਲੀਮੀਟਰ, ਹਿਸਾਰ ਵਿੱਚ 0.5, ਨਾਰਨੌਲ ਵਿੱਚ 38, ਜੀਂਦ ਵਿੱਚ 11.5, ਮੇਵਾਤ ਵਿੱਚ 32, ਸੋਨੀਪਤ ਵਿੱਚ 5 ਅਤੇ ਗੁਰੂਗ੍ਰਾਮ ਵਿੱਚ 39 ਮਿਲੀਮੀਟਰ ਮੀਂਹ ਪਿਆ ਹੈ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਪੰਚਕੂਲਾ, ਅੰਬਾਲਾ, ਯਮੁਨਾਨਗਰ, ਭਿਵਾਨੀ, ਚਰਖੀ ਦਾਦਰੀ, ਰੇਵਾੜੀ, ਨੂਹ ਅਤੇ ਪਲਵਲ ‘ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹੋਰ ਜ਼ਿਲ੍ਹਿਆਂ ਲਈ ਕੋਈ ਅਲਰਟ ਨਹੀਂ ਹੈ।
ਓਥੇ ਹੀ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਮੋਹਾਲੀ ਵਿੱਚ 2 ਮਿਲੀਮੀਟਰ, ਪਠਾਨਕੋਟ ਵਿੱਚ 9 ਮਿਲੀਮੀਟਰ, ਰੋਪੜ ਵਿੱਚ 0.5 ਮਿਲੀਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 15 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ ਹੈ। ਬਠਿੰਡਾ 44.1 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ ਹੈ।
ਚੰਡੀਗੜ੍ਹ ‘ਚ ਅਗਲੇ 4 ਦਿਨਾਂ ਤੱਕ ਮੀਂਹ ਅਤੇ ਬੱਦਲ ਛਾਏ ਰਹਿਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 4 ਜੁਲਾਈ ਤੋਂ 7 ਜੁਲਾਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਸ਼ਾਮ 6 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ ਕੁੱਲ 64.5 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। 1 ਜੂਨ ਤੋਂ ਹੁਣ ਤੱਕ ਕੁੱਲ 100.4 MM ਬਾਰਿਸ਼ ਹੋਈ ਹੈ।
ਚੰਡੀਗੜ੍ਹ ‘ਚ ਮੀਂਹ ਕਾਰਨ ਕਈ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ ਟਰੈਫਿਕ ਪੁਲੀਸ ਨੂੰ ਟ੍ਰੈਫਿਕ ਲਈ ਬਦਲਵੇਂ ਰੂਟ ਪਲਾਨ ਕਰਨੇ ਪਏ। ਦੱਸ ਦੇਈਏ ਕਿ ਹਿਮਾਚਲ ‘ਚ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜਿਸ ਕਾਰਨ ਸੜਕ ‘ਤੇ ਤਰੇੜਾਂ ਆ ਗਈਆਂ ਅਤੇ ਇਕ ਟਰੱਕ ਵੀ ਦੱਬ ਗਿਆ।