ਚੰਡੀਗੜ੍ਹ : ਮੋਹਾਲੀ ਸ਼ਹਿਰ ਵਿੱਚ ਵੀਰਵਾਰ ਨੂੰ ਫੇਸ 7/8 ਦੀਆਂ ਲਾਈਟਾਂ (ਗੁਰਦੁਆਰਾ ਸ੍ਰੀ ਅੰਬ ਸਾਹਿਬ ਨੇੜੇ) ਵਾਲੇ ਚੌਂਕ ’ਤੇ ਸਿਟੀ ਸਰਵੀਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦੀ ਸਥਾਪਨਾ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਟਰੈਫਿਕ ਉਲੰਘਣਾ, ਗੁੰਡਾਗਰਦੀ, ਗੈਰ-ਕਾਨੂੰਨੀ ਗਤੀਵਿਧੀਆਂ ਖਾਸ ਤੌਰ ’ਤੇ ਔਰਤਾਂ ਵਿਰੁੱਧ ਅਪਰਾਧ ਨੂੰ ਐਸ.ਏ.ਐਸ.ਨਗਰ ਦੇ 18 ਭੀੜ-ਭੜੱਕੇ ਵਾਲੇ ਜੰਕਸ਼ਨਾਂ ’ਤੇ ਕੇਂਦਰੀਕ੍ਰਿਤ ਨਿਗਰਾਨੀ ਰੱਖ ਕੇ ਰੋਕਣਾ ਹੈ।
ਇਸ ਪ੍ਰੋਜੈਕਟ ਨੂੰ ਕਾਗਜ਼ਾਂ ਤੋਂ ਹਕੀਕਤ ਵਿੱਚ ਬਦਲਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਚੰਡੀਗੜ੍ਹ ਵਰਗੇ ਸੁਰੱਖਿਆ ਮਿਆਰ ਦੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਸੀ ਜੋ ਅੱਜ ਪੂਰੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ 17.70 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਰਿਕਾਰਡ ਤਿੰਨ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਮੁੱਖ ਮੰਤਰੀ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਲੋਕ ਅਰਪਣ ਕਰਨ।
ਉਨ੍ਹਾਂ ਕਿਹਾ ਕਿ ਮੋਹਾਲੀ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਸਦੀ ਸੁੰਦਰਤਾ ਵਿੱਚ ਵਾਧਾ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ ਜਿਸ ਲਈ ਚੌਕਾਂ ’ਤੇ ਰੋਟਰੀ, ਸੜ੍ਹਕਾਂ ਨੂੰ ਚੌੜਾ ਕਰਨਾ, ਹਰਿਆ-ਭਰਿਆ ਬਣਾਉਣਾ ਅਤੇ ਵਸਨੀਕਾਂ ਨੂੰ ਵਧੇਰੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਕੇ ਇਸਦੀ ਸੁੰਦਰਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਐਸ.ਏ.ਐਸ.ਨਗਰ (ਮੋਹਾਲੀ) ਨੂੰ ਸਭ ਤੋਂ ਸੁੰਦਰ ਅਤੇ ਸੁਪਨਮਈ ਮੰਜ਼ਿਲ ਵਜੋਂ ਵਿਕਸਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਯਤਨਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਕੈਮਰਿਆਂ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਧਾਇਕ ਨੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਡੀ ਸੀ, ਐਸ ਐਸ ਪੀ ਅਤੇ ਪ੍ਰਕਿਰਿਆ ਵਿੱਚ ਸ਼ਾਮਲ ਹੋਰ ਅਧਿਕਾਰੀਆਂ ਤੇ ਵਿਭਾਗਾਂ ਦਾ ਧੰਨਵਾਦ ਕੀਤਾ।
ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਮੈਨੇਜਿੰਗ ਡਾਇਰੈਕਟਰ, ਸ਼ਰਦ ਸੱਤਿਆ ਚੌਹਾਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਨੇ ਇਸ ਮੌਕੇ ਕਿਹਾ ਕਿ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਸ਼ਹਿਰ ਵਿੱਚ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਨ ਲਈ ਇੱਕ ਵਿਲੱਖਣ ਪਲੇਟਫਾਰਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਰਿਕਾਰਡ ਪੁਲਸ ਕੋਲ ਆਨਲਾਈਨ ਹੋਵੇਗਾ। ਇਸ ਤੋਂ ਇਲਾਵਾ, ਸਿਸਟਮ ਵਕੀਲਾਂ ਅਤੇ ਅਦਾਲਤੀ ਕਮਰਿਆਂ ਦੀ ਲੋੜ ਤੋਂ ਬਿਨਾਂ ਇੱਕ ਆਨਲਾਈਨ ਭੁਗਤਾਨ ਗੇਟਵੇ ਪ੍ਰਦਾਨ ਕਰਕੇ ਇੱਕ ਈ-ਚਲਾਨ ਦੇ ਨਾਲ-ਨਾਲ ਇੱਕ ਵਰਚੁਅਲ ਕੋਰਟ ਦੀ ਮਿਾਸਲ ਵੀ ਪੇਸ਼ ਕਰੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਜ਼ਿਲ੍ਹਾ ਪ੍ਰਸ਼ਾਸਨ ਸੜ੍ਹਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸ਼ਹਿਰ ਦੀਆਂ ਸੜਕਾਂ ’ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਵਚਨਬੱਧ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਕਿਹਾ ਕਿ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦੀ ਪਹਿਲਕਦਮੀ ਦਾ ਉਦੇਸ਼ ਸਿਰਫ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣਾ ਨਹੀਂ ਹੈ, ਸਗੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਰੋਕਥਾਮ ਅਤੇ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਨਿਯਮਾਂ ਦੀ ਪਰਵਾਹ ਨਹੀਂ ਕਰਦੇ ਤਾਂ ਫ਼ਿਰ ਕਾਰਵਾਈ ਤਾਂ ਹੋਵੇਗੀ ਹੀ। ਉਨ੍ਹਾਂ ਕਿਹਾ ਕਿ ਰੈੱਡ ਲਾਈਟਾਂ ਦੀ ਉਲੰਘਣਾ ਦਾ ਪਤਾ ਲਗਾਉਣ ਵਾਲੇ ਕੈਮਰੇ, ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ, ਪੈਨ, ਟਿਲਟ ਅਤੇ ਜ਼ੂਮ ਕੈਮਰੇ ਲਗਾਉਣ ਨਾਲ ਸ਼ਹਿਰ ਦੀ ਟਰੈਫਿਕ ਪੁਲਿਸ ਨੂੰ ਵੱਡੀ ਰਾਹਤ ਮਿਲੇਗੀ। ਉਸਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਿਸਟਮ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਦੋਪਹੀਆ ਵਾਹਨ ਸਵਾਰਾਂ ਲਈ ਸ਼ਹਿਰ ਦੀਆਂ ਸੜਕਾਂ ’ਤੇ ਹਾਦਸਿਆਂ ਨੂੰ ਰੋਕਣ ਵਿੱਚ ਮੱਦਦ ਮਿਲੇਗਾ।
ਐਸ ਐਸ ਪੀ ਡਾ. ਸੰਦੀਪ ਗਰਗ ਨੇ ਆਉਣ ਵਾਲੇ ਸਿਟੀ ਸਰਵੇਲੈਂਸ ਅਤੇ ਟਰੈਫਿਕ ਮੈਨੇਜਮੈਂਟ ਸਿਸਟਮ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸ਼ਹਿਰ ਦੀਆਂ ਸੜਕਾਂ ’ਤੇ 400 ਤੋਂ ਵੱਧ ਕੈਮਰਿਆਂ ਨਾਲ 18 ਸਥਾਨਾਂ ਨੂੰ ਕਵਰ ਕਰੇਗਾ ਅਤੇ ਏਅਰਪੋਰਟ ਰੋਡ ’ਤੇ ਦੋ ਸਪੀਡ ਡਿਟੈਕਟਰ ਲਗਾਏ ਜਾਣਗੇ। ਸੋਹਾਣਾ ਪੁਲਿਸ ਸਟੇਸ਼ਨ ਦੀ ਉਪਰਲੀ ਮੰਜ਼ਿਲ ’ਤੇ ਸਥਾਪਿਤ ਕੀਤਾ ਜਾ ਰਿਹਾ ਕੇਂਦਰੀ ਕਮਾਂਡ ਅਤੇ ਕੰਟਰੋਲ ਸੈਂਟਰ ਮੁੱਖ ਕੰਟਰੋਲ ਰੂਮ ਹੋਵੇਗਾ ਜੋ ਇਨ੍ਹਾਂ ਚਾਰ ਕਿਸਮਾਂ ਦੇ ਕੈਮਰਿਆਂ (63 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰੇ, 216 ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ, 22 ਪੈਨ, ਟਿਲਟ ਅਤੇ ਜ਼ੂਮ ਕੈਮਰੇ ਅਤੇ 104 ਬੁਲੇਟ (ਨਿਗਰਾਨੀ ਕੈਮਰੇ) ਕੈਮਰੇ ਤੋਂ ਇਲਾਵਾ ਦੋ-ਸਪੀਡ ਡਿਟੈਕਟਰ ਦੀ ਫੀਡ ਦੀ ਨਿਗਰਾਨੀ ਕਰੇਗਾ।
ਪੈਨ, ਟਿਲਟ ਅਤੇ ਜ਼ੂਮ ਕੈਮਰੇ 200 ਮੀਟਰ ਤੱਕ ਜ਼ੂਮ ਕਰਕੇ ਕਿਸੇ ਵੀ ਵਸਤੂ ਨੂੰ ਦੇਖ ਸਕਦੇ ਹਨ। ਰੈੱਡ ਲਾਈਟਾਂ ਦੀ ਉਲੰਘਣਾ ਦਾ ਪਤਾ ਲਗਾਉਣ ਵਾਲਾ ਕੈਮਰਾ ਜ਼ੈਬਰਾ ਕਰਾਸਿੰਗ ਫਰੰਟ ਲਾਈਨ ਜੰਪਰਾਂ ਨੂੰ ਆਪਣੇ ਆਪ ਰਿਕਾਰਡ ਕਰ ਸਕਦਾ ਹੈ। ਇਸੇ ਤਰ੍ਹਾਂ, ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਵਾਲੇ ਕੈਮਰੇ ਵਾਹਨ ਦੀ ਖੋਹ ਦੇ ਰੂਟ ਨੂੰ ਟਰੇਸ ਕਰਨ ਦੇ ਨਾਲ-ਨਾਲ ਇਸ ਦਾ ਡਿਜੀਟਲ ਫਾਰਮੈਟ ਲੈ ਕੇ ਨੰਬਰ ਪਲੇਟ ਨੂੰ ਪੜ੍ਹਣਗੇ, ਜਿਸ ਨਾਲ ਪੁਲਿਸ ਨੂੰ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਨਿਯੰਤਰਣ ਅਤੇ ਨਿਗਰਾਨੀ ਕਰਨ ਵਿੱਚ ਹੋਰ ਮਦਦ ਮਿਲੇਗੀ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ, ਚੀਫ ਇੰਜਨੀਅਰ ਪੀ ਪੀ ਐਚ ਸੀ ਰਣਜੋਧ ਸਿੰਘ ਮਿਨਹਾਸ, ਡੀ ਐਸ ਪੀ ਹਰਸਿਮਰਨ ਸਿੰਘ ਬੱਲ ਅਤੇ ਜਸਵਿੰਦਰ ਸਿੰਘ ਕਾਰਜਕਾਰੀ ਇੰਜਨੀਅਰ ਹਾਜ਼ਰ ਸਨ।