ਨਵੀਂ ਦਿੱਲੀ: ਦੇਸ਼ ’ਚ ਸਨਿਚਰਵਾਰ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਅਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦਿਆਂ ਕੁਮਾਰ ਨੇ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਦੌਰਾਨ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਅਪੀਲ ਕੀਤੀ। ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਤੋਂ 1 ਜੂਨ ਦੇ ਵਿਚਕਾਰ ਸੱਤ ਪੜਾਵਾਂ ’ਚ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਉਨ੍ਹਾਂ ਕਿਹਾ, ‘‘ਮੈਂ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਹਮਲਿਆਂ ਅਤੇ ਨਫ਼ਰਤ ਭਰੇ ਭਾਸ਼ਣਾਂ ਤੋਂ ਪਰਹੇਜ਼ ਕਰਨ। ਭਾਸ਼ਣ ’ਚ ਕਿਹੜੀਆਂ ਸੀਮਾਵਾਂ ਰੱਖਣੀਆਂ ਹਨ, ਇਹ ਪਰਿਭਾਸ਼ਿਤ ਕੀਤਾ ਗਿਆ ਹੈ। ਸਾਨੂੰ ਅਪਣੀ ਦੁਸ਼ਮਣੀ ’ਚ ਸੀਮਾਵਾਂ ਨੂੰ ਪਾਰ ਨਹੀਂ ਕਰਨਾ ਚਾਹੀਦਾ। ਅਸੀਂ ਸਿਆਸੀ ਪਾਰਟੀਆਂ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਨੂੰ ਇਕ ਸਿਆਸੀ ਵਿਚਾਰ ਵਟਾਂਦਰੇ ਨੂੰ ਉਤਸ਼ਾਹਤ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ਜੋ ਵੰਡਣ ਦੀ ਬਜਾਏ ਪ੍ਰੇਰਿਤ ਕਰਦਾ ਹੈ।’’
ਪਿਛਲੀਆਂ ਚੋਣਾਂ ’ਚ ਆਦਰਸ਼ ਜ਼ਾਬਤੇ ਦੀ ਉਲੰਘਣਾ ਨਾਲ ਨਜਿੱਠਣ ’ਚ ਪੱਖਪਾਤ ਦੇ ਦੋਸ਼ਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ, ‘‘ਜੇਕਰ ਕਿਸੇ ਵਿਰੁਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਭਾਵੇਂ ਕੋਈ ਉੱਘੇ ਸਿਆਸਤਦਾਨ ਹੀ ਕਿਉਂ ਨਾ ਹੋਵੇ, ਅਸੀਂ ਚੁੱਪ ਨਹੀਂ ਬੈਠਾਂਗੇ। ਅਸੀਂ ਕਾਰਵਾਈ ਕਰਾਂਗੇ। ਪਹਿਲਾਂ ਅਸੀਂ ਨਿੰਦਾ ਕਰਦੇ ਸੀ ਪਰ ਹੁਣ ਅਸੀਂ ਕਾਰਵਾਈ ਕਰਾਂਗੇ।’’
ਆਦਰਸ਼ ਚੋਣ ਜ਼ਾਬਤੇ ਦਾ ਉਦੇਸ਼ ਚੋਣ ਮੁਹਿੰਮ, ਵੋਟਿੰਗ ਅਤੇ ਗਿਣਤੀ ਪ੍ਰਕਿਰਿਆ ਨੂੰ ਵਿਵਸਥਿਤ, ਸਾਫ ਅਤੇ ਸ਼ਾਂਤੀਪੂਰਨ ਰਖਣਾ ਅਤੇ ਸੱਤਾਧਾਰੀ ਪਾਰਟੀ ਵਲੋਂ ਸਰਕਾਰੀ ਮਸ਼ੀਨਰੀ ਅਤੇ ਵਿੱਤ ਦੀ ਕਿਸੇ ਵੀ ਦੁਰਵਰਤੋਂ ਨੂੰ ਰੋਕਣਾ ਹੈ। ਚੋਣ ਕਮਿਸ਼ਨ ਨੂੰ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਉਲੰਘਣਾ ਦੀ ਜਾਂਚ ਕਰਨ ਅਤੇ ਸਜ਼ਾ ਸਮੇਤ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ।
यह भी पढ़े: ਵਿਰੋਧੀ ਧਿਰ ਦਿਸ਼ਾਹੀਣ ਅਤੇ ਮੁੱਦੇ ਰਹਿਤ, ਵਾਪਸੀ ਦਾ ਪੂਰਾ ਭਰੋਸਾ: ਮੋਦੀ