ਚੰਡੀਗੜ੍ਹ ਪੁਲਿਸ ਨੇ ਮਨੀਮਾਜਰਾ ਨਿਵਾਸੀ ਨਿਵੇਸ਼ ਸਲਾਹਕਾਰ ਚੈਤਨਿਆ ਅਗਰਵਾਲ ਦੇ ਖਿਲਾਫ਼ ਧੋਖਾਧੜੀ ਦੀ ਜਾਂਚ ਸ਼ੁਰੂ ਕਰ ਦਿਤੀ ਹੈ, ਜਿਸ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੰਸਦ ਮੈਂਬਰ ਕਿਰਨ ਖੇਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਇਹ ਕਾਰਵਾਈ ਸੰਸਦ ਮੈਂਬਰ ਕਿਰਨ ਖੇਰ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸੰਸਦ ਮੈਂਬਰ ਨੇ ਚੈਤੰਨਿਆ ਅਗਰਵਾਲ ‘ਤੇ ਕਰੀਬ 8 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਐੱਸਐੱਸਪੀ ਵਿੰਡੋ ‘ਤੇ ਸ਼ਿਕਾਇਤ ਦਰਜ ਕਰਵਾਈ ਹੈ।
ਐੱਸਐੱਸਪੀ ਨੂੰ ਦਿਤੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਮੈਂ ਇਕ ਬਜ਼ੁਰਗ ਔਰਤ ਹਾਂ, ਮੇਰੀ ਸਿਹਤ ਖ਼ਰਾਬ ਰਹਿੰਦੀ ਹੈ, ਮੇਰੀ ਮਿਹਨਤ ਦੀ ਕਮਾਈ ਵਾਪਸ ਦਿਵਾ ਕੇ ਇਨਸਾਫ਼ ਦਿਤਾ ਜਾਵੇ। ਐੱਸਐੱਸਪੀ ਕੰਵਰਦੀਪ ਨੇ ਸ਼ਿਕਾਇਤ ਮਿਲਦਿਆਂ ਹੀ ਡੀਐਸਪੀ ਪਲਕ ਗੋਇਲ ਦੀ ਅਗਵਾਈ ਹੇਠ ਸੈਕਟਰ-26 ਥਾਣਾ ਇੰਚਾਰਜ ਦਵਿੰਦਰ ਸਿੰਘ ਨੂੰ ਜਾਂਚ ਮਾਰਕ ਕੀਤੀ। ਚੰਡੀਗੜ੍ਹ ਪੁਲਿਸ ਦੀ ਟੀਮ ਸੰਸਦ ਮੈਂਬਰ ਦੇ ਬਿਆਨ ਦਰਜ ਕਰ ਕੇ ਚੇਤੰਨਿਆ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕਰੇਗੀ। ਜੇਕਰ ਚੇਤੰਨਿਆ ਘਰ ਨਾ ਮਿਲਿਆ ਤਾਂ ਕੋਠੀ ਦੇ ਬਾਹਰ ਨੋਟਿਸ ਚਿਪਕਾਇਆ ਜਾਵੇਗਾ। ਕਿਰਨ ਖੇਰ ਨੇ ਕਿਹਾ ਕਿ ਚੇਤੰਨਿਆ ਅਗਰਵਾਲ ਨੇ 8 ਕਰੋੜ ਰੁਪਏ ਇਕ ਮਹੀਨੇ ਲਈ ਨਿਵੇਸ਼ ਕਰਨ ਲਈ ਲਏ ਸਨ। ਇਸ ਦੇ ਬਦਲੇ ਚੇਤੰਨਿਆ ਨੇ 7,44,00,000 (7 ਕਰੋੜ 44 ਲੱਖ ਰੁਪਏ) ਅਤੇ 6,56,00,000 (6 ਕਰੋੜ 56 ਲੱਖ ਰੁਪਏ) ਦੇ ਦੋ ਚੈੱਕ ਵੀ ਦਿਤੇ ਸਨ। ਚੇਤੰਨਿਆ ਦੇ ਖਾਤੇ ’ਚ ਪੈਸੇ ਨਾ ਹੋਣ ਕਾਰਨ ਪਹਿਲਾ ਚੈੱਕ ਬਾਊਂਸ ਹੋ ਗਿਆ।
ਦੱਸ ਦਈਏ ਕਿ ਚੈਤੰਨਿਆ ਅਗਰਵਾਲ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੰਸਦ ਮੈਂਬਰ ਖੇਰ ਤੋਂ ਅਪਣੀ ਅਤੇ ਅਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ‘ਤੇ ਹਾਈ ਕੋਰਟ ਨੇ ਸੋਮਵਾਰ ਨੂੰ ਖੁਦ ਹੀ ਐੱਸਪੀ ਅਤੇ ਐੱਸਐੱਚਓ ਨੂੰ ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰ ਨੂੰ ਇਕ ਹਫ਼ਤੇ ਲਈ ਸੁਰੱਖਿਆ ਦੇਣ ਦੇ ਹੁਕਮ ਦਿਤੇ ਹਨ। ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਕਿ ਇਸ ਸਮੇਂ ਤੋਂ ਬਾਅਦ ਸਮੀਖਿਆ ਕੀਤੀ ਜਾਵੇ ਕਿ ਉਸ ਨੂੰ ਹੋਰ ਸੁਰੱਖਿਆ ਦੀ ਲੋੜ ਹੈ ਜਾਂ ਨਹੀਂ।