ਸੋਨੀਪਤ – ਪੰਜਾਬ ਦੇ ਗੈਂਗਸਟਰ ਦੀਪਕ ਮਾਨ ਦੀ ਲਾਸ਼ ਸੋਨੀਪਤ ਦੇ ਹਰਸਾਣਾ ਪਿੰਡ ਵਿਚ ਇੱਕ ਖੇਤ ਵਿਚੋਂ ਮਿਲੀ ਹੈ। ਗੈਂਗਸਟਰ ਦੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ। ਪੰਜਾਬ ਵਿਚ ਗੈਂਗਸਟਰ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਮਾਮਲੇ ਦਰਜ ਹਨ।
ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਸੋਨੀਪਤ ਸਦਰ ਥਾਣਾ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ।
ਸੋਨੀਪਤ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਡੀਐਸਪੀ ਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਪਿੰਡ ਹਰਸਾਣਾ ਦੇ ਰਜਬਾਹੇ ਕੋਲ ਕੱਚੀ ਸੜਕ ਦੇ ਕੋਲ ਇੱਕ ਖੇਤ ਵਿਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਖੇਤ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਖੇਤ ਵੱਲ ਗਿਆ ਤਾਂ ਉਸ ਨੇ ਖਾਲੀ ਖੇਤ ਵਿਚ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦੀਪਕ ਮਾਨ ਦੇ ਸਰੀਰ ‘ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਉਸ ਦੇ ਸਿਰ ਅਤੇ ਪੇਟ ਵਿਚ ਗੋਲੀ ਲੱਗੀ ਸੀ। ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿਚ ਫੋਟੋਆਂ ਪੰਜਾਬ ਪੁਲਿਸ ਨੂੰ ਭੇਜ ਦਿੱਤੀਆਂ ਗਈਆਂ। ਇਸ ’ਤੇ ਉਥੋਂ ਦੀ ਪੁਲਿਸ ਨੇ ਮਾਰੇ ਗਏ ਗੈਂਗਸਟਰ ਦੀ ਪਛਾਣ ਦੀਪਕ ਮਾਨ ਵਜੋਂ ਕੀਤੀ ਹੈ। ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੁਪਹਿਰ ਤੋਂ ਬਾਅਦ ਹੀ ਉਸ ਦਾ ਕਤਲ ਕੀਤਾ ਗਿਆ ਹੈ।
ਫੋਰੈਂਸਿਕ ਮਾਹਰਾਂ ਨੂੰ ਬੁਲਾਇਆ ਗਿਆ ਹੈ। ਕਈ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ। ਉਹਨਾਂ ਨੇ ਦੱਸਿਆ ਕਿ ਗੈਂਗਸਟਰ ਦੇ ਜੋ ਕੜੇ ਪਾਏ ਹੋਏ ਸਨ, ਉਸ ‘ਤੇ ਪੰਜਾਬੀ ‘ਚ ਕੁਝ ਲਿਖਿਆ ਹੋਇਆ ਸੀ। ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਦੀਪਕ ਮਾਨ ਪੰਜਾਬ ਪੁਲਿਸ ਦੀ ਸੂਚੀ ਵਿਚ ਏ ਸ਼੍ਰੇਣੀ ਦਾ ਗੈਂਗਸਟਰ ਰਿਹਾ ਹੈ। ਓਧਰ ਗੋਲਡੀ ਬਰਾੜ ਨਾਮ ਦੇ ਇਕ ਫੇਸਬੁੱਕ ਪੇਜ਼ ਤੋਂ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ।
ਪੋਸਟ ਵਿਚ ਲਿਖਿਆ ਗਿਆ ਹੈ ਕਿ ਅਸੀਂ ਆਪਣੇ ਸਾਥੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਸਾਡੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ਵਾਲੇ ਸ਼ੂਟਰਾਂ ਵਿਚ ਦੀਪਕ ਵੀ ਸ਼ਾਮਲ ਸੀ ਅਤੇ ਫਰਾਰ ਸੀ। ਹੁਣ ਉਸ ਨੂੰ ਸਜ਼ਾ ਮਿਲ ਚੁੱਕੀ ਹੈ। ਸਾਡੇ ਦੋਸਤ ਨੂੰ ਸੁੱਤੇ ਪਏ ਨੂੰ ਮਾਰਿਆ ਗਿਆ ਤੇ ਅੱਜ ਉਸ ਦੇ ਸਿਰ ਵਿਚ ਵੀ ਓਨੀਆਂ ਹੀ ਗੋਲੀਆਂ ਮਾਰੀਆਂ ਹਨ। ਜਿਹੜੇ ਬਚੇ ਹਨ ਉਹ ਤਿਆਰ ਹੋ ਜਾਣ।