ਹਿਮਾਚਲ ‘ਚ ਸੌਖਾ ਨਹੀਂ ਬੀਜੇਪੀ ਲਈ ‘ਅਪਰੇਸ਼ਨ ਲੋਟਸ’…ਸਰਕਾਰ ਡੇਗਣ ਲਈ ਔਖੀ ਜਾਪਦੀ ਅੰਕੜਿਆਂ ਦੀ ਖੇਡ

ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਲਈ ਹੋਈ ਵੋਟਿੰਗ ਨੇ ਸਿਆਸੀ ਘਮਾਸਾਣ ਮਚਾ ਦਿੱਤਾ ਹੈ। ਹੁਣ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੁਝ ਹੀ ਦਿਨਾਂ ਦੀ ਮਹਿਮਾਨ ਲੱਗ ਰਹੀ ਹੈ। ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸੇ ਵੀ ਸਮੇਂ ਅਪਰੇਸ਼ਨ ਲੋਟਸ ਚਲਾ ਕੇ ਸਰਕਾਰ ਦਾ ਤਖਤਾ ਪਲਟ ਸਕਦੀ ਹੈ। ਹਾਲਾਂਕਿ, ਇਹ ਓਨਾ ਆਸਾਨ ਨਹੀਂ, ਜਿੰਨਾ ਕਿਹਾ ਜਾ ਰਿਹਾ ਹੈ।

ਦਰਅਸਲ, ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਤੇ ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੂੰ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਸੀ। ਇਸ ਦੇ ਨਾਲ ਹੀ ਭਾਜਪਾ ਨੇ ਕਾਂਗਰਸ ਦੇ ਮਜ਼ਬੂਤ ​​ਨੇਤਾ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਕਰੀਬੀ ਹਰਸ਼ ਮਹਾਜਨ ਨੂੰ ਮੈਦਾਨ ‘ਚ ਉਤਾਰਿਆ ਸੀ। ਇੱਥੇ ਕਾਂਗਰਸ ਕੋਲ ਪੂਰੀ ਗਿਣਤੀ ਸੀ ਤੇ ਅਭਿਸ਼ੇਕ ਮਨੂ ਸਿੰਘਵੀ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਸੀ।

ਵੋਟਿੰਗ ਤੋਂ ਇੱਕ ਦਿਨ ਪਹਿਲਾਂ ਭਾਵ 26 ਫਰਵਰੀ ਨੂੰ ਕਾਂਗਰਸ ਨੇ ਸਾਰੇ ਵਿਧਾਇਕਾਂ ਨੂੰ ਵ੍ਹਿੱਪ ਜਾਰੀ ਕਰ ਦਿੱਤਾ ਸੀ। ਇਸ ਵਿੱਚ ਵਿਧਾਇਕਾਂ ਨੂੰ ਪੋਲਿੰਗ ਏਜੰਟ ਨੂੰ ਆਪਣੀ ਵੋਟ ਦਿਖਾਉਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ 24 ਘੰਟਿਆਂ ਦੇ ਅੰਦਰ ਹੀ ਬਾਜੀ ਪਲਟ ਗਈ ਤੇ 6 ਕਾਂਗਰਸੀ ਵਿਧਾਇਕਾਂ ਨੇ ਕਰਾਸ ਵੋਟਿੰਗ ਕਰ ਦਿੱਤੀ। ਇਸ ਕਾਰਨ ਦੋਵਾਂ ਪਾਰਟੀਆਂ ਨੂੰ ਬਰਾਬਰ 34 ਵੋਟਾਂ ਮਿਲੀਆਂ। ਇਸ ਤੋਂ ਬਾਅਦ ਜਿੱਤ-ਹਾਰ ਦਾ ਫੈਸਲਾ ਟਾਸ ਰਾਹੀਂ ਕੀਤਾ ਗਿਆ ਤੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਜੇਤੂ ਰਹੇ।

ਵਿਕਰਮਾਦਿੱਤਿਆ ਸਿੰਘ ਨੇ ਦਿੱਤਾ ਅਸਤੀਫਾ 
ਹਿਮਾਚਲ ਪ੍ਰਦੇਸ਼ ‘ਚ ਕਰਾਸ ਵੋਟਿੰਗ ਤੋਂ ਬਾਅਦ ਭਾਜਪਾ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਬੋਲ ਪਈ। ਉਨ੍ਹਾਂ ਨੇ ਆਪਣੇ ਹੀ ਮੁੱਖ ਮੰਤਰੀ ਖਿਲਾਫ ਜਾਣ ਵਾਲੇ ਵਿਧਾਇਕਾਂ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਪ੍ਰਤਿਭਾ ਸਿੰਘ ਦੇ ਪੁੱਤਰ ਤੇ ਹਿਮਾਚਲ ਸਰਕਾਰ ਵਿੱਚ ਮੰਤਰੀ ਰਹੇ ਵਿਕਰਮਾਦਿੱਤਿਆ ਸਿੰਘ ਨੇ ਚੋਣ ਨਤੀਜਿਆਂ ਦੇ ਐਲਾਨ ਤੋਂ ਅਗਲੇ ਹੀ ਦਿਨ ਇੱਕ ਕਦਮ ਅੱਗੇ ਵਧਦੇ ਹੋਏ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ 
ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਤੇ ਮੁੱਖ ਮੰਤਰੀ ਸੁੱਖੂ ਵਿਚਾਲੇ ਖਹਿਬਾਜ਼ੀ ਤੋਂ ਹਰ ਕੋਈ ਜਾਣੂ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਕਾਂਗਰਸ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਨੇ ਹਰਸ਼ ਮਹਾਜਨ ਨੂੰ ਆਪਣਾ ਉਮੀਦਵਾਰ ਬਣਾਇਆ।

ਮਹਾਜਨ ਕਾਂਗਰਸੀ ਆਗੂ ਵੀਰਭੱਦਰ ਸਿੰਘ ਦੇ ਕਰੀਬੀ ਰਹੇ ਹਨ। ਅਜਿਹੇ ‘ਚ ਪ੍ਰਤਿਭਾ ਸਿੰਘ ਨਾਲ ਵੀ ਉਨ੍ਹਾਂ ਦੇ ਸਬੰਧ ਚੰਗੇ ਮੰਨੇ ਜਾ ਰਹੇ ਹਨ। ਹੁਣ ਸਵਾਲ ਇਹ ਹੈ ਕਿ ਕੀ ਭਾਜਪਾ ਰਾਜ ਵਿੱਚ ਸਿਰਫ਼ ਇੱਕ ਰਾਜ ਸਭਾ ਸੀਟ ਜਿੱਤਣ ਤੋਂ ਬਾਅਦ ਚੁੱਪ ਰਹੇਗੀ ਤੇ ਉਹ ਵੀ ਜਦੋਂ ਉਸ ਨੂੰ ਪਤਾ ਹੈ ਕਿ ਕਾਂਗਰਸ ਦੇ ਘੱਟੋ-ਘੱਟ 6 ਵਿਧਾਇਕ ਬਗਾਵਤ ਕਰ ਚੁੱਕੇ ਹਨ।

ਸਮੀਕਰਨ ਕੀ ਹਨ?
ਹਿਮਾਚਲ ਪ੍ਰਦੇਸ਼ ਵਿੱਚ 68 ਵਿਧਾਨ ਸਭਾ ਸੀਟਾਂ ਹਨ। ਇੱਥੇ ਬਹੁਮਤ ਲਈ 35 ਵਿਧਾਇਕਾਂ ਦੀ ਲੋੜ ਹੈ। ਕਾਂਗਰਸ ਦੇ 40 ਵਿਧਾਇਕ ਹਨ, ਜਦਕਿ ਭਾਜਪਾ ਦੇ 25 ਵਿਧਾਇਕ ਹਨ। ਇਸ ਦੇ ਨਾਲ ਹੀ ਤਿੰਨ ਹੋਰ ਵਿਧਾਇਕ ਵੀ ਸੁੱਖੂ ਦੇ ਨਾਲ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ ਕਾਂਗਰਸ ਦੇ 43 ਤੇ ਭਾਜਪਾ ਦੇ 25 ਵਿਧਾਇਕ ਹਨ।

ਹੁਣ ਕਾਂਗਰਸ ਦੇ ਛੇ ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ, ਜੇਕਰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਕੋਲ ਸਿਰਫ 34 ਵਿਧਾਇਕ ਰਹਿ ਜਾਣਗੇ। ਜੇਕਰ ਵਿਕਰਮਾਦਿੱਤਿਆ ਸਿੰਘ ਨੂੰ ਵੀ ਬਾਗੀਆਂ ਵਿੱਚ ਜੋੜ ਦਿੱਤਾ ਜਾਵੇ ਤਾਂ ਇਹ ਗਿਣਤੀ 33 ਰਹਿ ਜਾਵੇਗੀ। ਇਹ ਗਿਣਤੀ ਬਹੁਮਤ ਦੇ ਅੰਕੜੇ ਤੋਂ ਦੋ ਘੱਟ ਹੈ। ਅਜਿਹੇ ‘ਚ ਆਪਰੇਸ਼ਨ ਲੋਟਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਓਪਰੇਸ਼ਨ ਲੋਟਸ ਇੰਨਾ ਆਸਾਨ ਨਹੀਂ
ਹਿਮਾਚਲ ਪ੍ਰਦੇਸ਼ ਵਿੱਚ ਆਪਰੇਸ਼ਨ ਲੋਟਸ ਇੰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ ਜੇਕਰ ਕਾਂਗਰਸ ਦੇ 6-7 ਵਿਧਾਇਕ ਬਾਗੀ ਵੀ ਹੋ ਜਾਂਦੇ ਹਨ ਤਾਂ ਉਹ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਅਯੋਗ ਕਰਾਰ ਦੇ ਦਿੱਤੇ ਜਾਣਗੇ। ਉਹ ਭਾਜਪਾ ਦੇ ਹੱਕ ਵਿੱਚ ਵੋਟ ਨਹੀਂ ਪਾ ਸਕਣਗੇ। ਬਾਗੀਆਂ ਦੀ ਗੈਰ-ਮੌਜੂਦਗੀ ਵਿੱਚ ਵਿਧਾਨ ਸਭਾ ਦੀ ਗਿਣਤੀ ਘੱਟ ਕੇ 61 ਰਹਿ ਜਾਵੇਗੀ ਤੇ ਫਿਰ ਬਹੁਮਤ ਦਾ ਅੰਕੜਾ 31 ਹੋ ਜਾਵੇਗਾ ਤੇ ਇਹ ਗਿਣਤੀ ਅਜੇ ਵੀ ਕਾਂਗਰਸ ਕੋਲ ਹੈ।

ਅਜਿਹੇ ‘ਚ ਸਰਕਾਰ ਬਣਾਉਣ ਲਈ ਕਾਂਗਰਸ ਦੇ ਬਾਗੀਆਂ ਨੂੰ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ਤੋਂ ਚੋਣ ਲੜਨੀ ਪਵੇਗੀ, ਇਨ੍ਹਾਂ ਸਾਰਿਆਂ ਨੂੰ ਜਿੱਤਣਾ ਪਵੇਗਾ। ਫਿਰ ਬਹੁਮਤ ਪ੍ਰੀਖਣ ਵਾਲੇ ਦਿਨ ਹੀ ਭਾਜਪਾ ਦੇ ਹੱਕ ਵਿੱਚ ਵੋਟ ਪਾ ਕੇ ਕਾਂਗਰਸ ਸਰਕਾਰ ਨੂੰ ਡੇਗਣਾ ਪਵੇਗਾ, ਪਰ ਇਸ ਵਿੱਚ ਲੰਮਾ ਸਮਾਂ ਲੱਗੇਗਾ। ਹਾਲਾਂਕਿ, ਰਾਜ ਸਭਾ ਵਿੱਚ ਹੋਈ ਵੋਟਿੰਗ ਨੇ ਸੰਕੇਤ ਦਿੱਤਾ ਹੈ ਕਿ ਸੁੱਖੂ ਸਰਕਾਰ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।

ਕੀ ਕਾਂਗਰਸ ਸਰਕਾਰ ਬਚਾ ਸਕੇਗੀ?
ਇਸ ਦੇ ਨਾਲ ਹੀ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਇਸ ਦੇ ਸਾਰੇ ਬਾਗੀ ਵਿਧਾਇਕ ਪਾਰਟੀ ਖਿਲਾਫ ਨਹੀਂ ਸਗੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖਿਲਾਫ ਬਗਾਵਤ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕਾਂਗਰਸ ਹਾਈਕਮਾਂਡ ਸੁਖਵਿੰਦਰ ਸਿੰਘ ਸੁੱਖੂ ਦੀ ਥਾਂ ਪ੍ਰਤਿਭਾ ਸਿੰਘ ਜਾਂ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਕਮਾਂਡ ਸੌਂਪਦੀ ਹੈ ਤਾਂ ਸ਼ਾਇਦ ਇਸ ਬਗਾਵਤ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਕਾਰਨ ਆਪਰੇਸ਼ਨ ਲੋਟਸ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਭਾਜਪਾ ਦਾ ਸੁਪਨਾ ਵੀ ਚਕਨਾਚੂਰ ਹੋ ਸਕਦਾ ਹੈ।

यह भी पढ़े: Pathankot : ਔਰਤਾਂ ਲਈ ਉਮੀਦ ਦੀ ਕਿਰਨ ਬਣੀ ਪਠਾਨਕੋਟ ਦੀ ਆਸ਼ਾ ਭਗਤ