ਤਰਨਤਾਰਨ ‘ਚ ਮਿਲਿਆ ਪਾਕਿਸਤਾਨੀ ਡਰੋਨ, BSF ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਕੀਤਾ ਕਾਬੂ

ਤਰਨਤਾਰਨ ਵਿਚ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਜਿਸ ਵਿਚ ਸੋਮਵਾਰ ਨੂੰ ਪਿੰਡ ਡਾਲ ਵਿਚ ਇੱਕ ਵਾਰ ਫਿਰ ਡਰੋਨ ਫੜਿਆ ਗਿਆ। ਜਿਸ ਨੂੰ ਬੀ.ਐਸ.ਐਫ ਅਤੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਤਲਾਸ਼ੀ ਅਭਿਆਨ ਦੇ ਤਹਿਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਡਾਲ ਦੇ ਖੇਤਾਂ ਵਿਚ ਇੱਕ ਡਰੋਨ ਪਿਆ ਹੈ। ਜਿਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ।

ਪਾਕਿਸਤਾਨ ਵੱਲੋਂ ਇਸ ਡਰੋਨ ਦੀ ਵਰਤੋਂ ਸਰਹੱਦ ਪਾਰ ਤਸਕਰੀ ਲਈ ਕੀਤੀ ਜਾ ਰਹੀ ਸੀ ਅਤੇ ਇਸ ਦਾ ਮਾਡਲ ਡੀਜੇਆਈ ਮੈਵਿਕ 3, ਕਲਾਸਿਕ ਮੇਡ ਇਨ ਚਾਈਨਾ ਸੀ। ਇੱਕ ਦਿਨ ਪਹਿਲਾਂ ਵੀ ਬੀਐਸਐਫ ਨੇ ਇੱਕ ਡਰੋਨ ਬਰਾਮਦ ਕੀਤਾ ਸੀ ਜਿਸ ਨਾਲ ਇੱਕ ਡੱਬਾ ਬੰਨ੍ਹਿਆ ਹੋਇਆ ਸੀ। ਇਸ ਵਿਚ 3.50 ਕਰੋੜ ਰੁਪਏ ਦੀ ਹੈਰੋਇਨ ਸੀ। ਦਸੰਬਰ ਮਹੀਨੇ ਵਿਚ ਹੁਣ ਤੱਕ ਘੁਸਪੈਠ ਦੀਆਂ 13 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਤਹਿਤ ਬੀਐਸਐਫ ਨੇ 9 ਡਰੋਨ ਅਤੇ 6 ਭਾਰਤੀ ਤਸਕਰ ਫੜੇ ਹਨ। ਇਸ ਤੋਂ ਇਲਾਵਾ ਦੋ ਕਿੱਲੋ ਹੈਰੋਇਨ ਅਤੇ ਦੋ ਗਲਾਕ ਪਿਸਤੌਲ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ।