ਆਦਿਲਾਬਾਦ (ਤੇਲੰਗਾਨਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੇਲੰਗਾਨਾ ’ਚ ਬਿਜਲੀ, ਰੇਲ ਅਤੇ ਸੜਕ ਖੇਤਰਾਂ ਨਾਲ ਸਬੰਧਤ 56,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ’ਚ ਦੇਸ਼ ਦੀ ਆਰਥਕ ਤਰੱਕੀ ਦਾ ਵੀ ਜ਼ਿਕਰ ਕੀਤਾ। ਰਾਜਪਾਲ ਤਾਮਿਲਸਾਈ ਸੌਂਦਰਰਾਜਨ ਅਤੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਸਮੇਤ ਹੋਰਾਂ ਨੇ ਇੱਥੇ ਪ੍ਰਧਾਨ ਮੰਤਰੀ ਦੇ ਅਧਿਕਾਰਤ ਸਮਾਰੋਹ ’ਚ ਹਿੱਸਾ ਲਿਆ।
ਲੰਮੇ ਸਮੇਂ ਬਾਅਦ ਤੇਲੰਗਾਨਾ ਦੇ ਕਿਸੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਅਤੇ ਇਕ ਅਧਿਕਾਰਤ ਸਮਾਗਮ ਦੌਰਾਨ ਉਨ੍ਹਾਂ ਨਾਲ ਸਟੇਜ ਸਾਂਝੀ ਕੀਤੀ। ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਪਹਿਲਾਂ ਵੀ ਕਈ ਮੌਕਿਆਂ ’ਤੇ ਸੂਬੇ ’ਚ ਪ੍ਰਧਾਨ ਮੰਤਰੀ ਦੇ ਅਧਿਕਾਰਤ ਪ੍ਰੋਗਰਾਮਾਂ ਤੋਂ ਦੂਰ ਰਹੇ ਹਨ। ਇੱਥੇ ਹੋਏ ਸਮਾਗਮ ’ਚ ਪ੍ਰਧਾਨ ਮੰਤਰੀ ਨੇ ਪੇਡਾਪੱਲੀ ’ਚ ਐਨ.ਟੀ.ਪੀ.ਸੀ. ਦੇ 800 ਮੈਗਾਵਾਟ (ਯੂਨਿਟ-2) ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰਾਜੈਕਟ ਦਾ ਉਦਘਾਟਨ ਕੀਤਾ। ਅਲਟਰਾ-ਸੁਪਰਕ੍ਰਿਟੀਕਲ ਤਕਨਾਲੋਜੀ ’ਤੇ ਅਧਾਰਤ, ਇਹ ਪ੍ਰਾਜੈਕਟ ਤੇਲੰਗਾਨਾ ਨੂੰ 85٪ ਬਿਜਲੀ ਦੀ ਸਪਲਾਈ ਕਰੇਗਾ ਅਤੇ ਦੇਸ਼ ਭਰ ਦੇ ਸਾਰੇ ਐਨਟੀਪੀਸੀ ਪਾਵਰ ਸਟੇਸ਼ਨਾਂ ’ਚ ਲਗਭਗ 42٪ ਦੀ ਸੱਭ ਤੋਂ ਵੱਧ ਬਿਜਲੀ ਉਤਪਾਦਨ ਕੁਸ਼ਲਤਾ ਰੱਖੇਗਾ। ਪ੍ਰਧਾਨ ਮੰਤਰੀ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਚਤਰਾ ਵਿਖੇ ਉੱਤਰੀ ਕਰਨਪੁਰਾ ਥਰਮਲ ਪਾਵਰ ਪ੍ਰਾਜੈਕਟ ਦਾ 660 ਮੈਗਾਵਾਟ (ਯੂਨਿਟ-2) ਯੂਨਿਟ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਦੇਸ਼ ਦਾ ਪਹਿਲਾ ‘ਸੁਪਰਕ੍ਰਿਟੀਕਲ’ ਥਰਮਲ ਪਾਵਰ ਪ੍ਰਾਜੈਕਟ ਹੈ ਜਿਸ ਦੀ ਕਲਪਨਾ ਇਸ ਆਕਾਰ ਦੇ ਏਅਰ ਕੂਲਡ ਕੰਡਨਸਰ (ਏ.ਸੀ.ਸੀ.) ਨਾਲ ਕੀਤੀ ਗਈ ਹੈ, ਜੋ ਰਵਾਇਤੀ ਵਾਟਰ-ਕੂਲਡ ਕੰਡਨਸਰ ਦੇ ਮੁਕਾਬਲੇ ਪਾਣੀ ਦੀ ਖਪਤ ਨੂੰ ਇਕ ਤਿਹਾਈ ਤਕ ਘਟਾਉਂਦੀ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਰੱਖਿਆ ਸੀ।
ਮੋਦੀ ਨੇ ਕਿਹਾ ਕਿ 56,000 ਕਰੋੜ ਰੁਪਏ ਦੇ ਪ੍ਰਾਜੈਕਟ ਕਈ ਸੂਬਿਆਂ ’ਚ ਵਿਕਾਸ ਦਾ ਨਵਾਂ ਰੀਕਾਰਡ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆਂ ਦਾ ਇਕਲੌਤਾ ਦੇਸ਼ ਹੈ ਜੋ ਪਿਛਲੀ ਤਿਮਾਹੀ ’ਚ 8.4 ਫੀ ਸਦੀ ਦੇ ਵਾਧੇ ਨਾਲ ਇਕ ਵੱਡੀ ਅਰਥਵਿਵਸਥਾ ਦੇ ਰੂਪ ’ਚ ਉਭਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਕਾਸ ਦਰ ਪਿਛਲੇ 3-4 ਦਿਨਾਂ ਤੋਂ ਦੁਨੀਆਂ ਭਰ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਰਫਤਾਰ ਨਾਲ ਭਾਰਤ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੇਲੰਗਾਨਾ ਦੇ ਲੋਕਾਂ ਦੇ ਵਿਕਾਸ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਸੰਭਵ ਸਹਾਇਤਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿਲਾਬਾਦ ਦੀ ਧਰਤੀ ਨਾ ਸਿਰਫ ਤੇਲੰਗਾਨਾ ਬਲਕਿ ਪੂਰੇ ਦੇਸ਼ ਦੇ ਵਿਕਾਸ ਪ੍ਰਾਜੈਕਟਾਂ ਦੀ ਗਵਾਹ ਹੈ, ਕਿਉਂਕਿ ਅੱਜ 56,000 ਕਰੋੜ ਰੁਪਏ ਤੋਂ ਵੱਧ ਦੇ 30 ਤੋਂ ਵੱਧ ਅਜਿਹੇ ਪ੍ਰਾਜੈਕਟਾਂ ਦਾ ਜਾਂ ਤਾਂ ਉਦਘਾਟਨ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਤਾਮਿਲਨਾਡੂ ’ਚ ਪ੍ਰਮਾਣਾਂ ਪਲਾਂਟ ਦਾ ਦੌਰਾ ਕੀਤਾ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਕਲਪੱਕਮ ’ਚ ਇਕ ਪ੍ਰਮਾਣੂ ਊਰਜਾ ਪਲਾਂਟ ਦਾ ਦੌਰਾ ਵੀ ਕੀਤਾ, ਜਿੱਥੇ ਬਿਜਲੀ ਉਤਪਾਦਨ ਨਾਲ ਜੁੜੀ ਇਕ ਮਹੱਤਵਪੂਰਨ ਪ੍ਰਕਿਰਿਆ ਸ਼ੁਰੂ ਹੋਈ। ਸਵਦੇਸ਼ੀ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ.ਐਫ.ਬੀ.ਆਰ.) ਦੀ ਕੋਰ ਲੋਡਿੰਗ ਪ੍ਰਧਾਨ ਮੰਤਰੀ ਦੀ ਮੌਜੂਦਗੀ ’ਚ ਚੇਨਈ ਤੋਂ ਲਗਭਗ 60 ਕਿਲੋਮੀਟਰ ਦੂਰ ਕਲਪਕਮ ’ਚ ਸ਼ੁਰੂ ਹੋਈ। 500 ਮੈਗਾਵਾਟ ਦੇ ਇਸ ਫਾਸਟ ਬ੍ਰੀਡਰ ਰਿਐਕਟਰ ਨੂੰ ਭਾਰਤੀ ਪ੍ਰਮਾਣੂ ਬਿਜਲੀ ਨਿਗਮ ਲਿਮਟਿਡ (ਭਾਵਿਨੀ) ਨੇ ਵਿਕਸਿਤ ਕੀਤਾ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ ਜੋ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਸਨ।
यह भी पढ़े: ਝਾਰਖੰਡ ’ਚ ਸਪੇਨ ਦੀ ਔਰਤ ਨਾਲ ਸਮੂਹਕ ਜਬਰ ਜਨਾਹ, ਤਿੰਨ ਵਿਅਕਤੀਆਂ ਨੂੰ ਜੇਲ੍ਹ ਭੇਜਿਆ ਗਿਆ, 4 ਹੋਰਾਂ ਦੀ ਭਾਲ ਜਾਰੀ