ਮੁਹਾਲੀ: ਪੰਜਾਬ ਦੇ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਦਿੱਤੇ ਗਏ ਖੁੱਲ੍ਹੀ ਬਹਿਸ ਦੇ ਸੱਦੇ ਦੇ ਚੈਲੰਜ ਨੂੰ ਰਾਜਾ ਵੜਿੰਗ ਨੇ ਕਬੂਲ ਕੀਤਾ ਹੈ ਪਰ ਉਨ੍ਹਾਂ ਨੇ ਕੁਝ ਸ਼ਰਤਾਂ ਰੱਖੀਅਂ ਹਨ। ਉਨ੍ਹਾਂ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ 7 ਸਵਾਲਾਂ ਦੇ ਜਵਾਬ ਜਨਤਾ ਸਾਹਮਣੇ ਰੱਖਣ ਲਈ ਕਿਹਾ ਹੈ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ, ਪਿਛਲੇ ਡੇਢ ਸਾਲ ਵਿੱਚ ਜਦੋਂ-ਜਦੋਂ ਵੀ ਤੁਹਾਡੇ ਤੋਂ ਕੋਈ ਸਵਾਲ ਪੁੱਛਿਆ ਗਿਆ ਹੈ ਜਾਂ ਕੋਈ ਸਲਾਹ ਦਿੱਤੀ ਗਈ ਹੈ, ਤੁਸੀਂ ਅਕਸਰ ਮੁੱਦੇ ਤੋਂ ਧਿਆਨ ਭਟਕਾਉਣ ਵਾਸਤੇ ਇਸ ਤਰ੍ਹਾਂ ਦੀ ਚਰਚਾ ਛੇੜ ਦਿੰਦੇ ਹੋ।
ਚੰਗਾ ਹੁੰਦਾ ਜੇਕਰ ਤੁਸੀਂ ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨਾਲ ਇਕ ਸਾਰਥਕ ਚਰਚਾ ਕਰਦੇ। ਲੋਕਤੰਤਰ ਵਿੱਚ ਵੈਸੇ ਤਾਂ ਵਿਰੋਧੀ ਧਿਰ ਅਤੇ ਜਨਤਾ ਸੱਤਾਧਾਰੀ ਸਰਕਾਰ ਤੋਂ ਸਵਾਲ ਪੁੱਛਦੀ ਹੈ ਪਰ ਤੁਹਾਡੀ ਸਰਕਾਰ ‘ਬਦਲਾਅ’ ਦੀ ਸਰਕਾਰ ਹੈ, ਇਸ ਕਰਕੇ ਤੁਸੀਂ ਸਵਾਲ ਵਿਰੋਧੀਆਂ ਨੂੰ ਪੁੱਛਦੇ ਹੋ।
ਮਾਨ ਸਾਹਿਬ! ਬਹਿਸ ਨੂੰ ਸਾਰਥਕ ਬਣਾਉਣ ਲਈ ਅਤੇ ਸੂਬੇ ਦੀ ਸਹੀ ਸਥਿਤੀ ਲੋਕਾਂ ਸਾਹਮਣੇ ਜਨਤਕ ਕਰਨ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਹੇਠ ਲਿਖੇ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਉਪਲੱਬਧ ਕਰਾਓ।
1. ਪੰਜਾਬ ਵਿੱਚ ਅਪਰਾਧਿਕ ਮਾਮਲੇ ਡੇਢ ਸਾਲ ਵਿੱਚ ਕਿਸ ਦਰ ਨਾਲ ਵਧੇ ਹਨ?
2. ਪੰਜਾਬ ਵਿੱਚ ਨਸ਼ਿਆਂ ਵਿੱਚ ਕਿੰਨਾ ਵਾਧਾ ਹੋਇਆ ਹੈ ਅਤੇ ਸਾਡੇ ਕਿੰਨੇ ਨੌਜਵਾਨਾਂ ਦੀਆਂ ਮੌਤਾਂ ਨਸ਼ਿਆਂ ਨਾਲ ਹੋਈਆਂ ਹਨ।
3. ਪੰਜਾਬ ਦੇ ਕਰਜ਼ੇ ਵਿਚ ਕਿੰਨਾ ਵਾਧਾ ਹੋਇਆ ਹੈ?
4. ਪੰਜਾਬ ਵਿੱਚ ਪਿਛਲੇ ਡੇਢ ਸਾਲ ਦੌਰਾਨ ਕਿੰਨੇ ਕਿਸਾਨਾਂ ਨੇ ਖ਼ੁਦਕਸ਼ੀਆਂ ਕੀਤੀਆਂ ਹਨ?
5. ਤੁਹਾਡੇ ਕਾਰਜਕਾਲ ਦੌਰਾਨ ਤੁਸੀਂ ਕਿਹੜੇ-ਕਿਹੜੇ ਵਿਭਾਗਾਂ ਵਿਚ ਇਸ਼ਤਿਹਾਰ ਦੇ ਕੇ ਨਵੀਂ ਭਰਤੀ ਕੀਤੀ ਹੈ।
6. ਪੰਜਾਬ ਦੇ ਖਜ਼ਾਨੇ ਵਿੱਚੋਂ ਕਿੰਨਾ ਪੈਸਾ ਤੁਸੀਂ ਮਸ਼ਹੂਰੀਆਂ ‘ਤੇ ਲਗਾਇਆ ਹੈ?
7. ਤੁਸੀਂ ਹੜ੍ਹ ਪੀੜਤਾਂ ਨੂੰ ਕੁੱਲ ਕਿੰਨੇ ਪੈਸੇ ਦਿੱਤੇ ਹਨ? ਪ੍ਰਤੀ ਏਕੜ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਹੈ?
ਇਨ੍ਹਾਂ ਤੱਥਾਂ ਨੂੰ ਜਨਤਕ ਕਰਨ ਤੋਂ ਬਾਅਦ ਅਸੀਂ ਤੁਹਾਡੇ ਪ੍ਰਸਤਾਵ ਸਵੀਕਾਰ ਕਰਦੇ ਹਾਂ।