ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਸਬੰਧੀ ਬਣਾਈ ਗਈ ਐੱਸ.ਆਈ.ਟੀ ਨੇ ਖ਼ੁਲਾਸਾ ਕੀਤਾ ਹੈ ਕਿ ਇੰਟਰਵਿਊ ਲਈ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਸੀ। ਐੱਸ. ਆਈ. ਟੀ. ਮੁਤਾਬਕ ਇਸਤੇਮਾਲ ਹੋਏ ਡਿਵਾਈਸ ਜਲਦ ਹੀ ਜ਼ਬਤ ਕਰ ਲਿਆ ਜਾਵੇਗਾ। ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀ. ਜੀ. ਪੀ. ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੂੰ ਸੌਂਪ ਦਿੱਤੀ ਸੀ।
ਐੱਸ. ਆਈ. ਟੀ. ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਇੰਟਰਵਿਊ ਸਿਗਨਲ ਐਪ ਰਾਹੀਂ ਹੀ ਕੀਤੀ ਗਈ ਸੀ। ਜਾਂਚ ਜਾਰੀ ਹੈ ਤੇ ਕੁਝ ਅਹਿਮ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ।
ਅਜਿਹੇ ‘ਚ ਹਾਈਕੋਰਟ ਤੋਂ 3 ਮਹੀਨੇ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਏ. ਡੀ. ਜੀ. ਪੀ. ਜੇਲ੍ਹ ਅਰੁਣ ਪਾਲ ਸਿੰਘ ਤੋਂ ਪੁੱਛਿਆ ਕਿ ਪਿਛਲੇ 1 ਮਹੀਨੇ ‘ਚ ਜੇਲ੍ਹ ‘ਚੋਂ ਕਿੰਨੇ ਮੋਬਾਇਲ ਫ਼ੋਨ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਜੇਲ੍ਹ ‘ਚ ਜ਼ਿਆਦਾਤਰ ਸਟਾਫ਼ ਠੇਕੇ ‘ਤੇ ਹੈ, ਉਨ੍ਹਾਂ ਦੀ ਰੈਗੂਲਰ ਭਰਤੀ ਕਦੋਂ ਹੋਵੇਗੀ?
ਦੱਸ ਦਈਏ ਕਿ ਲੰਘੇ ਸਾਲ ਮਾਰਚ ਮਹੀਨੇ ਇਕ ਨਿੱਜੀ ਚੈਨਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਤੋਂ ਬਾਅਦ ਇੱਕ ਕਥਿਤ ਇੰਟਰਵਿਊ ਜੇਲ੍ਹ ਤੋਂ ਹੀ ਲਈ ਸੀ। ਜਿਸ ਨੂੰ ਲੈਕੇ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ ਸਨ। ਹਾਲਾਂਕਿ ਲੰਘੇ ਮਹੀਨੇ ਹੀ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਚੈਨਲ ਨੂੰ ਉਹ ਇੰਟਰਵੋਊ ਡਿਲੀਟ ਕਰਨੀ ਪਈ ਸੀ।